ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਕਾਰਨ ਦੁਨਿਆ ਭਰ 'ਚ ਤਬਾਹੀ ਮੱਚੀ ਹੋਈ ਹੈ। ਇਸ ਵਾਇਰਸ ਨੇ ਸਿਹਤ ਦੇ ਨਾਲ ਨਾਲ ਕਾਰੋਬਾਰ ਵੀ ਠੱਪ ਕਰ ਦਿੱਤੇ ਹਨ। ਭਾਰਤ 'ਚ ਕੋਰੋਨਾਵਾਇਰਸ (Coronavirus) ਨਾਲ ਸਭ ਤੋਂ ਵੱਧ ਪ੍ਰਭਾਵਿਤ ਐਵੀਏਸ਼ਨ ਸੈਕਟਰ ਹੋਇਆ ਹੈ। ਭਾਰਤੀ ਐਵੀਏਸ਼ਨ (Indian Aviation) ਅਤੇ ਇਸ ਤੇ ਨਿਰਭਰ ਉਦਯੋਗਾਂ ਵਿੱਚ 29 ਲੱਖ ਤੋਂ ਵੱਧ ਨੌਕਰੀਆਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।


ਗਲੋਬਲ ਏਅਰਲਾਇੰਸਜ਼ ਦੇ ਸਮੂਹ ਆਈਆਈਏਟੀ (IATA) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ (COVID_19) ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿਆਪੀ ਲੌਕਡਾਊਨ ਦੇ ਵਿਚਕਾਰ ਦੇਸ਼ ਵਿੱਚ ਵਪਾਰਕ ਉਡਾਣ ਸੇਵਾਵਾਂ 3 ਮਈ ਤੱਕ ਮੁਅੱਤਲ ਰਹਿਣਗੀਆਂ।

29 ਲੱਖ ਨੌਕਰੀਆਂ ਜੋਖਮ 'ਚ
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਕਿਹਾ ਕਿ ਇਸ ਦੇ ਤਾਜ਼ਾ ਅਨੁਮਾਨ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਕਈ ਦੇਸ਼ਾਂ ਦੀ ਵਿਗੜਦੀ ਸਥਿਤੀ ਦਾ ਸੰਕੇਤ ਕਰਦੇ ਹਨ। ਭਾਰਤ ਬਾਰੇ, ਇਸ ਨੇ ਕਿਹਾ ਕਿ ਮਹਾਮਾਰੀ ਦੇ ਸੰਭਾਵਤ ਤੌਰ 'ਤੇ ਦੇਸ਼ ਦੀ ਐਵੀਏਸ਼ਨ ਅਤੇ ਇਸਦੇ ਨਿਰਭਰ ਉਦਯੋਗਾਂ ਵਿੱਚ 29,32,900 ਨੌਕਰੀਆਂ ਪ੍ਰਭਾਵਿਤ ਹੋਣ ਦੀ ਉਮੀਦ ਹੈ। ਯਾਤਰੀਆਂ ਦੀ ਆਵਾਜਾਈ 47% ਘੱਟ ਗਈ ਹੈ।

ਭਾਰਤੀ ਬਾਜ਼ਾਰਾਂ ਵਿੱਚ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਏਅਰਲਾਈਨਾਂ ਲਈ 11.221 ਅਰਬ ਡਾਲਰ (85,000 ਕਰੋੜ ਰੁਪਏ ਤੋਂ ਵੱਧ) ਮਾਲੀਆ ਪ੍ਰਭਾਵਿਤ ਹੋਣ ਦੀ ਉਮੀਦ ਹੈ। ਆਈਏਟੀਏ ਏਅਰ ਲਾਈਨ ਇੰਡਸਟਰੀ ਲਈ ਵਿੱਤੀ ਸਹਾਇਤਾ ਚਾਹੁੰਦਾ ਹੈ।

ਇਸ ਤੋਂ ਇਲਾਵਾ, ਮਹਾਮਾਰੀ ਅਤੇ ਇਸ ਤੋਂ ਬਾਅਦ ਦੇ ਲੱਗੇ ਲੌਕਡਾਊਨ ਨੇ ਆਰਥਿਕ ਗਤੀਵਿਧੀਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਕੀਤਾ ਹੈ। ਐਵੀਏਸ਼ਨ ਅਤੇ ਟੂਰੀਜ਼ਮ ਇਸ ਨਾਲ ਸਭ ਤੋਂ ਵੱਧ ਪ੍ਰਭਾਵਤ ਹਿੱਸੇ ਹਨ।

ਆਈਏਟੀਏ ਲਗਭਗ 290 ਏਅਰਲਾਈਨਾਂ ਦਾ ਸਮੂਹ ਹੈ, ਜਿਸ ਵਿੱਚ ਏਅਰ ਇੰਡੀਆ, ਵਿਸਤਾਰਾ, ਇੰਡੀਗੋ ਅਤੇ ਸਪਾਈਸ ਜੈੱਟ ਸ਼ਾਮਲ ਹਨ।

ਕਨਾਰਡ ਕਲਿਫੋਰਡ, ਆਈਏਟੀਏ ਦੇ ਖੇਤਰੀ ਉਪ-ਪ੍ਰਧਾਨ (ਏਸ਼ੀਆ-ਪ੍ਰਸ਼ਾਂਤ) ਨੇ ਕਿਹਾ ਕਿ ਭਾਰਤ, ਇੰਡੋਨੇਸ਼ੀਆ, ਜਾਪਾਨ, ਮਲੇਸ਼ੀਆ, ਫਿਲੀਪੀਨਜ਼, ਗਣਤੰਤਰ ਕੋਰੀਆ, ਸ੍ਰੀਲੰਕਾ ਅਤੇ ਥਾਈਲੈਂਡ ਤਰਜੀਹ ਵਾਲੇ ਦੇਸ਼ ਹਨ ਜਿਨ੍ਹਾਂ ਨੂੰ ਕਾਰਵਾਈ ਕਰਨ ਦੀ ਲੋੜ ਹੈ। ਅੱਗੇ, ਸਮੂਹ ਨੇ ਸਿੱਧੇ ਵਿੱਤੀ ਸਹਾਇਤਾ, ਕਰਜ਼ੇ, ਕਰਜ਼ਿਆਂ ਦੀ ਗਰੰਟੀ ਅਤੇ ਕਾਰਪੋਰੇਟ ਬਾਂਡ ਮਾਰਕੀਟ ਲਈ ਸਹਾਇਤਾ, ਅਤੇ ਏਅਰਲਾਈਜ਼ ਉਦਯੋਗ ਲਈ ਟੈਕਸ ਰਾਹਤ ਦੇ ਸੁਮੇਲ ਲਈ ਕਿਹਾ ਹੈ।