ਕਸ਼ਮੀਰ ਬਾਰੇ ਬਾਬਾ ਰਾਮਦੇਵ ਦਾ ਵੱਡਾ ਖੁਲਾਸਾ, 'ਇੰਤਜ਼ਾਰ ਖ਼ਤਮ ਹੋਣ ਵਾਲਾ ਹੈ'
ਰਾਮਦੇਵ ਨੇ ਕਿਹਾ, 'ਜੰਮੂ ਕਸ਼ਮੀਰ ਵਿੱਚ ਸਰਕਾਰ ਦੀ ਚੌਕਸੀ ਸੰਕੇਤ ਦੇ ਰਹੀ ਹੈ ਕਿ ਜਲਦ ਹੀ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਵਾਲੀ ਹੈ।'
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਦੇ ਹੱਕ ਵਿੱਚ ਰਹੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ, ਉਹ ਹੁਣ ਜਲਦੀ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਏਕਤਾ ਤੇ ਅਖੰਡਤਾ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਇੱਕ ਸੰਵਿਧਾਨ, ਇੱਕ ਝੰਡਾ ਤੇ ਇੱਕ ਹੀ ਏਜੰਡਾ ਹੋਵੇ। ਰਾਮਦੇਵ ਨੇ ਕਿਹਾ, 'ਜੰਮੂ ਕਸ਼ਮੀਰ ਵਿੱਚ ਸਰਕਾਰ ਦੀ ਚੌਕਸੀ ਸੰਕੇਤ ਦੇ ਰਹੀ ਹੈ ਕਿ ਜਲਦ ਹੀ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਵਾਲੀ ਹੈ।'
ਉਨ੍ਹਾਂ ਕਿਹਾ, 'ਜੰਮੂ ਕਸ਼ਮੀਰ ਸਾਡਾ ਹੈ ਤੇ ਸਾਡਾ ਹੀ ਰਹੇਗਾ। ਉੱਥੇ ਭਾਰਤ ਨੂੰ ਗਾਲਾਂ ਕੱਢਣ ਵਾਲੇ, ਤਿਰੰਗੇ ਦੀ ਬੇਇੱਜ਼ਤੀ ਕਰਨ ਵਾਲੇ ਤੇ ਪਾਕਿਸਤਾਨ ਦੇ ਪੈਸੇ ਨਾਲ ਕਸ਼ਮੀਰ ਵਿੱਚ ਘੁਸਪੈਠ ਕਰਨ ਵਾਲੇ, ਫੌਜ 'ਤੇ ਹਮਲਾ ਕਰਨ ਵਾਲੇ ਜਿਊਂਦੇ ਨਹੀਂ ਬਚਣਗੇ।' ਬਾਬਾ ਰਾਮਦੇਵ ਨੇ ਕਿਹਾ ਕਿ ਪੀਐਮ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਵਿੱਚ ਪਾਕਿਸਤਾਨ ਅਧਿਕਾਰਤ ਕਸ਼ਮੀਰ ਦਾ ਭਾਰਤ ਵਿੱਚ ਰਲੇਵਾਂ ਹੋਏਗਾ।
ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ ਬਾਰੇ ਸਭ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ ਸਰਕਾਰ ਰਾਜ ਵਿੱਚ ਕੀ ਕਰਨ ਜਾ ਰਹੀ ਹੈ? ਦਰਅਸਲ, ਪਿਛਲੇ ਹਫਤੇ ਜੰਮੂ-ਕਸ਼ਮੀਰ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਅੱਤਵਾਦੀ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਰੋਕਣ ਤੇ ਸ਼ਰਧਾਲੂਆਂ/ਸੈਲਾਨੀਆਂ ਨੂੰ ਘਾਟੀ ਖਾਲੀ ਕਰਨ ਦਾ ਹੁਕਮ ਦਿੱਤਾ ਸੀ। ਐਨਆਈਟੀ, ਸ੍ਰੀਨਗਰ ਵਿੱਚ ਪੜ੍ਹ ਰਹੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਵੀ ਕੈਂਪਸ ਖ਼ਾਲੀ ਕਰਨ ਤੇ ਘਰ ਮੁੜਨ ਲਈ ਕਿਹਾ ਗਿਆ ਹੈ।