ਚੰਡੀਗੜ੍ਹ: BCCI ਨੇ ਐਤਵਾਰ ਨੂੰ ਕੋਚਿੰਗ ਸਟਾਫ ਨੂੰ ਅਗਲੇ ਤਿੰਨ ਮਹੀਨਿਆਂ ਦੀ ਐਡਵਾਂਸ ਫੀਸ ਤੇ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਦੱਖਣ ਅਫਰੀਕਾ ਤੇ ਸ੍ਰੀਲੰਕਾ ਦੌਰੇ ਦੀ ਮੈਚ ਫੀਸ ਦਾ ਭੁਗਤਾਨ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ 18 ਜੁਲਾਈ, 2018 ਤੋਂ 17 ਅਕਤੂਬਰ, 2018 ਵਿੱਚ ਤਿੰਨ ਮਹੀਨਿਆਂ ਲਈ ਐਡਵਾਂਸ ਕੋਚਿੰਗ ਫੀਸ ਵਜੋਂ 2.05 ਕਰੋੜ ਰੁਪਏ ਦਿੱਤੇ ਗਏ ਹਨ। ਕਪਤਾਨ ਵਿਰਾਟ ਕੋਹਲੀ ਨੂੰ ਦੱਖਣ ਅਫਰੀਕਾ ਦੌਰੇ ਲਈ ਮੈਚ ਫੀਸ ਤੇ ਪ੍ਰਾਈਜ਼ ਮਨੀ ਵਜੋਂ 1.25 ਕਰੋੜ ਤੋਂ ਵੀ ਵੱਧ ਰਕਮ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਵਿੱਚ ਟੈਸਟ ਸੀਰੀਜ਼ ਲਈ ਕੋਹਲੀ ਨੂੰ 65.06 ਲੱਖ ਤੇ ਵਨਡੇਅ ਸੀਰੀਜ਼ ਲਈ 30.70 ਲੱਖ ਰੁਪਏ ਦਿੱਤੇ ਗਏ ਹਨ। ਇਸ ਦੇ ਨਾਲ ਹੀ 29.27 ਲੱਖ ਰੁਪਏ ICC ਟੈਸਟ ਰੈਂਕਿੰਗ ਦੀ ਪ੍ਰਾਈਜ਼ ਮਨੀ ਵਜੋਂ ਦਿੱਤੇ ਗਏ। ICC ਤੋਂ ਮਿਲੀ ਰਕਮ ’ਤੇ ਟੈਕਸ ਵੀ ਲਾਇਆ ਜਾਏਗਾ।

ਕੋਹਲੀ ਦੇ ਨਾਲ-ਨਾਲ ਰੋਹਿਤ ਸ਼ਰਮਾ ਨੂੰ ਦੱਖਣ ਅਫਰੀਕਾ ਲਈ ਟੈਸਟ ਤੇ ਵਨਡੇਅ ਸੀਰੀਜ਼ ਲਈ 8.76 ਲੱਖ ਤੇ ਸ੍ਰੀਲੰਕਾ ਵਿੱਚ ਨਿਦਹਾਸ ਟਰਾਫੀ ਲਈ 25.13 ਲੱਖ ਰੁਪਏ ਦਿੱਤੇ ਗਏ ਹਨ। ICC ਟੈਸਟ ਰੈਂਕਿੰਗ ਦੀ ਪ੍ਰਾਈਜ਼ ਮਨੀ ਵਜੋਂ ਰੋਹਿਤ ਨੂੰ 29.27 ਲੱਖ ਰੁਪਏ ਦਿੱਤੇ ਗਏ, ਜਿਸ ’ਤੇ ਟੈਕਸ ਵਸੂਲਿਆ ਜਾਏਗਾ।



ਸ਼ਿਖਰ ਧਵਨ ਨੂੰ ਜਨਵਰੀ ਤੋਂ ਮਾਰਚ, 2018 ਵਿੱਚ 90 ਫੀਸਦੀ ਰਿਟੇਨਸ਼ਿਪ ਫੀਸ ਦੇ ਰੂਪ ’ਚ ਟੈਕਸ ਫਰੀ 1.12 ਕਰੋੜ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਸ੍ਰੀਲੰਕਾ ’ਚ ਨਿਦਹਾਸ ਟਰਾਫੀ ਲਈ ਧਵਨ ਨੂੰ 27 ਲੱਖ ਰੁਪਏ ਮਿਲਣਗੇ। ਅਕਤੂਬਰ ਤੋਂ ਦਸੰਬਰ 2017 ਵਿੱਚ ਟੈਕਸ ਫਰੀ 90 ਫੀਸ ਰਿਟੇਨਸ਼ਿਪ ਫੀਸ ਵਜੋਂ 1.41 ਕਰੋੜ ਰੁਪਏ ਦਿੱਤੇ ਜਾਣਗੇ।

ਇਸੇ ਤਰ੍ਹਾਂ ਵੱਖ-ਵੱਖ ਕੰਮ ਲਈ BCCI ਨੇ ਰਵੀਚੰਦਰਨ ਅਸ਼ਵਿਨ ਨੂੰ 2.75 ਕਰੋੜ, ਭੁਵਨੇਸ਼ਵਰ ਕੁਮਾਰ ਨੂੰ 3.73 ਕਰੋੜ, ਜਸਪ੍ਰੀਤ ਬੁਮਰਾਹ ਨੂੰ 1.73 ਕਰੋੜ, ਚੇਤੇਸ਼ਵਰ ਪੁਜਾਰਾ ਨੂੰ 2.83 ਕਰੋੜ, ਈਸ਼ਾਂਤ ਸ਼ਰਮਾ ਨੂੰ 1.33 ਕਰੋੜ, ਹਾਰਦਿਕ ਪਾਂਡਿਆ ਨੂੰ 1.11 ਕਰੋੜ, ਯੁਜਵਿੰਦਰ ਚਹਿਲ ਨੂੰ 1.39 ਕਰੋੜ, ਰਿਧਿਮਾਨ ਸਾਹਾ ਨੂੰ 44.34 ਲੱਖ, ਪਾਰਥਿਵ ਪਟੇਲ ਨੂੰ 43.92 ਲੱਖ ਤੇ ਕੁਲਦੀਪ ਯਾਦਵ ਨੂੰ 25 ਲੱਖ ਰੁਪਏ ਦਿੱਤੇ।