ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਵਿੱਚ ਸਫ਼ਲ ਨਹੀਂ ਹੋਈ। ਉਨ੍ਹਾਂ ਸਾਰੇ ਵਿਰੋਧੀ ਦਲਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਤੇ ਲੋਕਤੰਤਰ ਨੂੰ ਬਚਾਉਣ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ। ਇਹ ਗੱਲਾਂ ਉਨ੍ਹਾਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਸਬੰਧੀ ਮੋਦੀ ਸਰਕਾਰ ਨੂੰ ਘੇਰਨ ਲਈ ਕਾਂਗਰਲ ਵੱਲੋਂ ਕੀਤੇ ‘ਭਾਰਤ ਬੰਦ’ ਦੌਰਾਨ ਕਹੀਆਂ।

ਰਾਮਲੀਲਾ ਮੈਦਾਨ ’ਚ ਕਰਾਏ ਵਿਰੋਧ ਪ੍ਰਦਰਸ਼ਨ ਵਿੱਚ ਸਾਬਕਾ ਪੀਐਮ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਵਿਰੋਧੀ ਦਲਾਂ ਦੇ ਲੀਡਰਾਂ ਦਾ ਸ਼ਾਮਲ ਹੋਣਾ ਮਹੱਤਵਪੂਰਨ ਕਦਮ ਹੈ। ਮੋਦੀ ਸਰਕਾਰ ਅਜਿਹਾ ਬਹੁਤ ਕੁਝ ਕਰ ਚੁੱਕੀ ਹੈ ਜੋ ਹੱਦਾਂ ਪਾਰ ਕਰ ਚੁੱਕਾ ਹੈ। ਇਸ ਸਰਕਾਰ ਨੂੰ ਬਦਲਣ ਦਾ ਸਮਾਂ ਆਉਣ ਵਾਲਾ ਹੈ। ਅੱਜ ਕਿਸਾਨਾਂ ਤੇ ਨੌਜਵਾਨਾਂ ਸਣੇ ਹਰ ਤਬਕੇ ਦੇ ਲੋਕ ਪ੍ਰੇਸ਼ਾਨ ਹਨ।

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਲੀਡਰਾਂ ਨੇ ਰਾਜਘਾਟ ਤੋਂ ਰਾਮਲੀਲਾ ਮੈਦਾਨ ਤਕ ਪੈਦਲ ਮਾਰਚ ਕੀਤਾ। ਇਸ ਮੌਕੇ ਪਾਰਟੀ ਨੇ ਸਾਰੇ ਸਮਾਜਕ ਸੰਗਠਨਾਂ ਤੇ ਸਮਾਜਕ ਵਰਕਰਾਂ ਨੂੰ ਕਿਹਾ ਕਿ ਉਹ ਵੀ ‘ਭਾਰਤ ਬੰਦ’ ਦਾ ਸਮਰਥਨ ਕਰਨ। ਕਾਂਗਰਸ ਦਾ ਕਹਿਣਾ ਹੈ ਕਿ ਉਸ ਵੱਲੋਂ ਬੁਲਾਇਆ ਭਾਰਤ ਬੰਦ ਸ਼ਾਮ ਦੁਪਹਿਰ 3 ਵਜੇ ਤਕ ਰਹੇਗਾ ਤਾਂ ਕਿ ਆਮ ਬੰਦੇ ਨੂੰ ਕੋਈ ਦਿੱਕਤ ਨਾ ਰਹੇ।