ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਰਕੇ ਵਿਰੋਧੀ ਦਲ ਪਹਿਲਾਂ ਹੀ ਦੇਸ਼ ਭਰ ਵਿੱਚ ਅੱਜ ਸਾਂਝਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉੱਧਰ ਰਾਜਸਥਾਨ ਵਿੱਚ ਬਜੇਪੀ ਮੰਤਰੀ ਨੇ ਅੱਗ ’ਤੇ ਤੇਲ ਛਿੜਕਣ ਵਰਗਾ ਬਿਆਨ ਦੇ ਦਿੱਤਾ ਹੈ। ਵਸੁੰਧਰਾ ਸਰਕਾਰ ਦੇ ਮੰਤਰੀ ਰਜਾਕੁਮਾਰ ਰਿਣਵਾ ਨੇ ਕਿਹਾ ਕਿ ਜੇ ਤੇਲ ਮਹਿੰਗਾ ਹੈ ਤਾਂ ਲੋਕਾਂ ਨੂੰ ਤੇਲ ਵਰਤਣਾ ਹੀ ਘੱਟ ਕਰ ਦੇਣਾ ਚਾਹੀਦਾ ਹੈ, ਇਸ ਨਾਲ ਖ਼ਰਚ ਘਟ ਜਾਏਗਾ।

ਰਿਣਵਾ ਨੇ ਕਿਹਾ ਕਿ ਜਦੋਂ ਕੱਚੇ ਤੇਲ ਦੇ ਰੇਟ ਵਧ ਰਹੇ ਹਨ ਤਾਂ ਲੋਕ ਖਰਚ ਘੱਟ ਕਿਉਂ ਨਹੀਂ ਕਰਦੇ। ਲੋਕਾਂ ਨੂੰ ਤੇਲ ਦੀ ਖਪਤ ਘੱਟ ਕਰ ਦੇਣੀ ਚਾਹੀਦੀ ਹੈ। ਹੋਰ ਦੇਸ਼ਾਂ ਵਿੱਚ ਜਦੋਂ ਕਿਸੇ ਚੀਜ਼ ਦੇ ਭਾਅ ਵਧਦੇ ਹਨ ਤਾਂ ਉੱਥੇ ਆਪਣੇ-ਆਪ ਖਪਤ ਘੱਟ ਹੋ ਜਾਂਦੀ ਹੈ ਪਰ ਇੱਥੇ ਸਥਿਤੀ ਹੋਰ ਹੈ। ਉੱਤੋਂ ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲ ਦੀ ਕੀਮਤ ਸਰਕਾਰ ਦੇ ਹੱਥ ਨਹੀਂ। ਕੀਮਤ ਕੌਮਾਂਤਰੀ ਆਧਾਰਾਂ ’ਤੇ ਤੈਅ ਹੁੰਦੀ ਹੈ।

ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਅੱਜ ਕਾਂਗਰਸ ਭਾਰਤ ਬੰਦ ਤਹਿਤ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਇਸ ਵਿੱਚ ਹੋਰ ਦਲ ਵੀ ਕਾਂਗਰਸ ਦਾ ਸਮਰਥਨ ਕਰ ਰਹੇ ਹਨ। ਬੰਦ ਦੇ ਐਲਾਨ ਹੁੰਦਿਆਂ ਹੋਇਆਂ ਵੀ ਅੱਜ ਫਿਰ ਤੇਲ ਦੀਆਂ ਕੀਮਤਾਂ ਵਧੀਆਂ ਹਨ। ਦਿੱਲੀ ਵਿੱਚ ਪੈਟਰੋਲ 23 ਪੈਸੇ ਤੇ ਡੀਜ਼ਲ 22 ਪੈਸੇ ਮਹਿੰਗਾ ਹੋਇਆ। ਇਸੇ ਨਾਲ ਪੈਟਰੋਲ ਦਾ ਭਾਅ 80.73 ਤੇ ਡੀਜ਼ਲ ਦਾ ਭਾਅ 72.83 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਵਿਰੋਧੀ ਦਲਾਂ ਨੂੰ ਹਮਲਾਵਰ ਵੇਖ ਕੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਵੱਲੋਂ ਸੂਬੇ ਵਿੱਚ ਪੈਟਰੋਲ ਤੇ ਡੀਜ਼ਲ ’ਤੇ ਲੱਗਦੇ ਵੈਟ ਵਿੱਚ ਚਾਰ ਫ਼ੀਸਦ ਕਟੌਤੀ ਕਰ ਦਿੱਤੀ ਗਈ। ਇਸ ਤੋਂ ਬਾਅਦ ਇੱਥੇ ਤੇਲ ਕੀਮਤਾਂ ਢਾਈ ਰੁਪਏ ਪ੍ਰਤੀ ਲਿਟਰ ਤਕ ਘੱਟ ਗਈਆਂ ਹਨ।