ਨਵੀਂ ਦਿੱਲੀ: ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਤੇ ਉੱਭਰਦੀਆਂ ਅਰਥਵਿਵਸਥਾ ਵਾਲੇ ਬਾਜ਼ਾਰਾਂ ਵਿੱਚ ਕਮਜ਼ੋਰੀ ਕਰਕੇ ਰੁਪਏ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਅੱਜ ਵੀ ਡਾਲਰ ਦੇ ਮੁਕਾਬਲੇ ਰੁਪਇਆ 79 ਪੈਸੇ ਦੀ ਵੱਡੀ ਗਿਰਾਵਟ ਨਾਲ 72.57 ਨਾਲ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ। ਇਹ ਰੁਪਏ ਦਾ ਹੁਣ ਤਕ ਦਾ ਸਭ ਤੋਂ ਕਮਜ਼ੋਰ ਪੱਧਰ ਹੈ। ਹਾਲਾਂਕਿ ਸ਼ੁੱਕਰਵਾਰ ਰੁਪਏ ਵਿੱਚ ਚੰਗੀ ਰਿਕਵਰੀ ਵੇਖੀ ਗਈ ਸੀ।

ਕੱਚੇ ਤੇਲ ਵਿੱਚ ਤੇਜ਼ੀ ਨਾਲ ਡਾਲਰ ਵਿੱਚ ਮਜ਼ਬੂਤੀ ਤੇ ਰੁਪਏ ’ਚ ਦਬਾਅ ਪੈ ਰਿਹਾ ਹੈ। ਬੀਤੇ ਦਿਨੀਂ ਅਮਰੀਕਾ ਤੇ ਚੀਨ ਵਿਚਾਲੇ ਟ੍ਰੇਡ ਵਾਰ ਤੇ ਤੁਰਕੀ ਤੇ ਅਰਜਨਟੀਨਾ ਵਿੱਚ ਕਰੰਸੀ ਸੰਕਟ ਨੇ ਰੁਪਏ ਦਾ ਲੱਕ ਤੋੜ ਦਿੱਤਾ ਹੈ। ਪਿਛਲੇ 6 ਮਹੀਨਿਆਂ ਵਿੱਚ ਰੁਪਇਆ 9.5 ਫੀਸਦੀ ਤਕ ਫਿਸਲ ਗਿਆ ਹੈ। ਇਸ ਸਾਲ ਹੁਣ ਤਕ ਰੁਪਏ ਵਿੱਚ ਕਰੀਬ 12 ਫੀਸਦੀ ਤਕ ਦੀ ਕਮਜ਼ੋਰੀ ਵੇਖੀ ਗਈ। ਕੁੱਲ ਮਿਲਾ ਕੇ ਇਮਰਜਿੰਗ ਬਾਜ਼ਾਰ ਦੀ ਕਰੰਸੀ ਵਿੱਚ ਕਮਜ਼ੋਰੀ, ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਤੇ ਡਾਲਰ ਦੀ ਮੰਗ ਵਧਣ ਨਾਲ ਰੁਪਏ ’ਤੇ ਦਬਾਅ ਬਣਿਆ ਹੋਇਆ ਹੈ।

ਇਰਾਨ ’ਤੇ ਅਮਰੀਕਾ ਦੀ ਪਾਬੰਧੀ ਤੇ ਵੈਨੇਜੂਏਲਾ ਦੇ ਵਿਗੜੇ ਘਰੇਲੂ ਹਾਲਾਤ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹੋਈਆਂ ਹਨ। ਅਮਰੀਕਾ ਨੇ ਆਪਣੇ ਵਪਾਰਕ ਹਿੱਸੇਦਾਰਾਂ ਨਾਲ ਵਪਾਰਕ ਜੰਗ ਛੇੜੀ ਹੋਈ ਹੈ ਜਿਸ ਕਰਕੇ ਦੁਨੀਆ ਭਰ ਦੀਆਂ ਕਰੰਸੀਆਂ ਲਗਾਤਾਰ ਡਿੱਗ ਰਹੀਆਂ ਹਨ। ਅਮਰੀਕਾ, ਮੈਕਸੀਕੋ ਤੇ ਕੈਨੇਡਾ ਨਾਲ ਆਪਣੇ ਨਾਫਟਾ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਕਰ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਵੀ ਕੌਮਾਂਤਰੀ ਮੰਡੀ ਵਿੱਚ ਗਹਿਮਾ-ਗਹਿਮੀ ਦਾ ਮਾਹੌਲ ਬਣਿਆ ਹੋਇਆ ਹੈ।