ਬੰਦ ਕਾਰਨ ਅੱਧਵਾਟੇ ਰੁਕੀਆਂ ਰੇਲਾਂ, ਪ੍ਰੇਸ਼ਾਨ ਯਾਤਰੀਆਂ ਨੇ ਮੋਦੀ ਸਰਕਾਰ 'ਤੇ ਕੱਢੀ ਭੜਾਸ
ਰੇਲ ਗੱਡੀ ਵਿੱਚ ਸਵਾਰ ਨੌਜਵਾਨ, ਬਜ਼ੁਰਗਾਂ ਤੇ ਔਰਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਆਪੋ-ਆਪਣੇ ਟਿਕਾਣੇ ਤੇ ਪੁੱਜਣ ਲਈ ਰੇਲ ਗੱਡੀ ਰਾਹੀਂ ਜਾਣਾ ਸੀ ਪਰ ਬੰਦ ਦੇ ਸੱਦੇ ਨੂੰ ਲੈਕੇ ਰੇਲਗੱਡੀ ਅੱਧਵਾਟੇ ਹੀ ਰੁਕ ਗਈ।
ਬਰਨਾਲਾ: ਕਿਸਾਨੀ ਅੰਦੋਲਨ ਦੇ ਚੱਲਦਿਆਂ ਅੱਜ ਭਾਰਤ ਬੰਦ ਨੂੰ ਲੈ ਕੇ ਰੇਲ ਆਵਾਜਾਈ ਤੇ ਵੀ ਇਸ ਦਾ ਵੱਡਾ ਅਸਰ ਪਿਆ। ਇਸ ਦਰਮਿਆਨ ਯਾਤਰੀਆਂ ਨਾਲ ਭਰੀ ਹੋਈ ਦਿੱਲੀ/ਫ਼ਾਜ਼ਿਲਕਾ ਇੰਟਰਸਿਟੀ ਰੇਲ ਗੱਡੀ ਨੂੰ ਅੱਜ ਤਪਾ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਰੁਕਣਾ ਪਿਆ।
ਰੇਲ ਗੱਡੀ ਵਿੱਚ ਸਵਾਰ ਨੌਜਵਾਨ, ਬਜ਼ੁਰਗਾਂ ਤੇ ਔਰਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਆਪੋ-ਆਪਣੇ ਟਿਕਾਣੇ ਤੇ ਪੁੱਜਣ ਲਈ ਰੇਲ ਗੱਡੀ ਰਾਹੀਂ ਜਾਣਾ ਸੀ ਪਰ ਬੰਦ ਦੇ ਸੱਦੇ ਨੂੰ ਲੈਕੇ ਰੇਲਗੱਡੀ ਅੱਧਵਾਟੇ ਹੀ ਰੁਕ ਗਈ। ਰੇਲ ਯਾਤਰੀਆਂ ਨੇ ਸੈਂਟਰ ਸਰਕਾਰ ਦੇ ਰੇਲਵੇ ਵਿਭਾਗ 'ਤੇ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਬੰਦ ਦਾ ਪਤਾ ਸੀ ਤਾਂ ਉਨ੍ਹਾਂ ਨੇ ਰੇਲਵੇ ਬੁਕਿੰਗ ਕਿਉਂ ਕੀਤੀ।
ਕਈ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਯਾਤਰੀਆਂ ਨੇ ਵੀ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੁੰਦੀ ਹੈ ਜਾਂ ਉਸ ਲਈ ਰੇਲਵੇ ਵਿਭਾਗ ਜ਼ਿੰਮੇਵਾਰ ਹੋਵੇਗਾ। ਰੇਲਵੇ ਵਿਭਾਗ ਨੇ ਅਜੇ ਤੱਕ ਕੋਈ ਵੀ ਸਿਹਤ ਸਹੂਲਤ ਜਾਂ ਹੋਰ ਕੋਈ ਵੀ ਪ੍ਰਬੰਧ ਨਹੀਂ ਕੀਤੇ ਜਿਸ ਲਈ ਰੇਲ ਯਾਤਰੀਆਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਜਲਦ ਖੇਤੀ ਕਾਨੂੰਨ ਨੂੰ ਰੱਦ ਕਰਕੇ ਕਿਸਾਨਾਂ ਨੂੰ ਅਤੇ ਦੇਸ਼ ਵਾਸੀ ਨੂੰ ਰਾਹਤ ਦਿੱਤੀ ਜਾਵੇ।
ਰੇਲ ਗੱਡੀ ਰੁਕਣ ਨਾਲ ਸਮਾਜ ਸੇਵੀ ਸੰਸਥਾ ਦੇ ਮੁਖੀ ਸੁਸ਼ੀਲ ਕੁਮਾਰ ਸਾਥੀਆਂ ਨਾਲ ਯਾਤਰੀਆਂ ਦੀ ਸਹੂਲਤ ਲਈ ਖਾਣ ਪੀਣ ਦਾ ਰਾਸ਼ਨ ਵੰਡਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਖਾਣ ਪੀਣ ਅਤੇ ਰਹਿਣ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਦੂਜੇ ਪਾਸੇ ਦੇਖਿਆ ਗਿਆ ਕਿ ਹਸਪਤਾਲ ਵਿੱਚ ਦਵਾਈ ਲੈਣ ਨੌਕਰੀ ਲਈ ਅਤੇ ਜ਼ਰੂਰੀ ਕੰਮਕਾਜਾਂ ਲਈ ਜਾਣ ਵਾਲੇ ਰੇਲ ਯਾਤਰੀਆਂ ਨੇ ਵੀ ਸਰਕਾਰ ਖ਼ਿਲਾਫ਼ ਨਿਰਾਸ਼ਾ ਪ੍ਰਗਟ ਕੀਤੀ ਅਤੇ ਮਹਿੰਗੇ ਕਿਰਾਏ ਖ਼ਰਚ ਕਰਕੇ ਪ੍ਰਾਈਵੇਟ ਗੱਡੀਆਂ ਰਾਹੀਂ ਆਪਣੇ ਟਿਕਾਣੇ 'ਤੇ ਪਹੁੰਚਦੇ ਦਿਖਾਈ ਦਿੱਤੇ।