ਚੰਡੀਗੜ੍ਹ: ਕੱਲ੍ਹ ਭਾਰਤ ਬੰਦ (Bharat Bandh) ਰਹੇਗਾ। ਇਸ ਲਈ ਸੋਚ-ਸਮਝ ਕੇ ਘਰੋਂ ਨਿਕਲਿਓ। ਭਾਰਤ ਬੰਦ ਦਾ ਸੱਦਾ ਚਾਹੇ ਸੰਯੁਕਤ ਕਿਸਾਨ ਮੋਰਚੇ (Samyukta Kisan Morcha) ਨੇ ਦਿੱਤਾ ਹੈ ਪਰ ਇਸ ਨੂੰ ਦੇਸ਼ ਭਰ ਦੀਆਂ ਕਈ ਜਥੇਬੰਦੀਆਂ ਵੱਲੋਂ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਨੂੰ ਟਰਾਂਸਪੋਟਰਾਂ ਦੀਆਂ ਕੌਮੀ ਜਥੇਬੰਦੀਆਂ ਸਮੇਤ ਟਰੇਡ ਯੂਨੀਅਨਾਂ ਤੇ ਵਪਾਰਕ ਸੰਸਥਾਵਾਂ ਦਾ ਵੀ ਸਮਰਥਨ ਹਾਸਲ ਹੋ ਚੁੱਕਾ ਹੈ। ਇਸ ਲਈ ਭਾਰਤ ਬੰਦ ਦਾ ਅਸਰ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲੇਗਾ।


ਕਿਸਾਨ ਲੀਡਰ ਡਾ. ਦਰਸ਼ਨ ਪਾਲ (farmer leader Darshan Pal) ਨੇ ਦੱਸਿਆ ਕਿ ਹਰ ਰਾਜ ਦੀਆਂ ਮੁੱਖ ਟਰੇਡ ਯੂਨੀਅਨਾਂ ਤੇ ਸਥਾਨਕ ਜੱਥੇਬੰਦੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ 10 ਵੱਡੀਆਂ ਟਰੇਡ ਯੂਨੀਅਨਾਂ ਤੇ ਦੋ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕਾਂ, ਮਜ਼ਦੂਰ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਤੇ ਮਹਿਲਾ ਜਥੇਬੰਦੀਆਂ ਵੱਲੋਂ ਵੀ ਸਮਰਥਨ ਦੇ ਬਿਆਨ ਆ ਚੁੱਕੇ ਹਨ।


ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਅੰਨਦਾਤਾ ਦੇ ਭਵਿੱਖ ’ਤੇ ਬਣੇ ਸੰਕਟ ਦੇ ਮੱਦੇਨਜ਼ਰ ਭਾਰਤ ਬੰਦ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਾਂਤਮਈ ਰਹਿ ਕੇ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਤੇ ਘੱਟ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਲਈ ਕੌਮੀ ਪੱਧਰ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਜਨ-ਅੰਦੋਲਨ ਬਣਨ ਕਰਕੇ ਲੋਕ ਹੁਣ ਮਹਿੰਗਾਈ ਤੇ ਕਿਸਾਨੀ ਨਾਲ ਜੁੜੇ ਖੇਤਰਾਂ ’ਤੇ ਤਿੰਨੋਂ ਖੇਤੀ ਕਾਨੂੰਨਾਂ ਦੇ ਪੈਣ ਵਾਲੇ ਮਾੜੇ ਅਸਰਾਂ ਤੋਂ ਜਾਣੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਰਹੇਗਾ।


ਉਧਰ, ਟਰੇਡ ਯੂਨੀਅਨ ਲੀਡਰ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ ਦੇ ਸੈਂਟਰਲ ਟਰੇਡ ਯੂਨੀਅਨ ਪਲੇਟਫਾਰਮ (ਸੀਟੀਯੂ) ਵੱਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਬੰਦ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਕਿਹਾ ਕਿ ਸੀਟੀਯੂ ਨਵੇਂ 4 ਕਿਰਤ ਕੋਡਾਂ ਵਾਪਸ ਕਰਵਾਉਣ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ, ਨਿਗਮੀਕਰਨ, ਅਪਨਿਵੇਸ਼ ਨੀਤੀ, ਕਾਰਪੋਰੇਟ ਪੱਖੀ ਨੀਤੀਆਂ ਦੇ ਖ਼ਿਲਾਫ਼, ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਿੰਦੇ ਹੋਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਐਮਐਸਪੀ ਦੀ ਗਾਰੰਟੀ ਲਈ ਭਾਰਤ ਬੰਦ ’ਚ ਸ਼ਾਮਲ ਹੋਵੇਗਾ।


ਇਹ ਵੀ ਪੜ੍ਹੋ: Petrol Diesel Price: ਤੇਲ ਕੀਮਤਾਂ ਨੇ ਪਾਇਆ ਬੈਕ ਗੇਅਰ, ਦੂਜੇ ਦਿਨ ਵੀ ਕੀਮਤਾਂ 'ਚ ਆਈ ਇੰਨੀ ਕਮੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904