Haryana News: ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਅਯੁੱਧਿਆ 'ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਸ਼ਹਿਰ 'ਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹਨੂੰਮਾਨ ਦਾ ਕਿਰਦਾਰ ਨਿਭਾਅ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਰਾਮ ਦਾ ਕਿਰਦਾਰ ਨਿਭਾਅ ਰਹੇ ਕਲਾਕਾਰ ਦੇ ਪੈਰਾਂ ਵਿੱਚ ਹੀ ਮੌਤ ਹੋ ਗਈ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਸਮਝ ਲਿਆ ਕਿ ਹਰੀਸ਼ ਮਹਿਤਾ ਹਨੂੰਮਾਨ ਦਾ ਕਿਰਦਾਰ ਨਿਭਾਅ ਰਹੇ ਹਨ, ਇਸ ਲਈ ਉਹ ਵੀ ਤਾੜੀਆਂ ਵਜਾਉਂਦੇ ਰਹੇ।


ਹਸਪਤਾਲ ਵਿੱਚ ਡਾਕਟਰਾਂ ਨੇ ਐਲਾਨਿਆਂ ਮ੍ਰਿਤਕ


ਜਦੋਂ ਹਰੀਸ਼ ਮਹਿਤਾ ਕਾਫੀ ਦੇਰ ਤੱਕ ਨਾ ਉਠਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਉੱਠਿਆ ਤਾਂ ਉਸ ਨੂੰ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਰੀਸ਼ ਮਹਿਤਾ ਦੇ ਦਿਹਾਂਤ ਦੀ ਖਬਰ ਮਿਲਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਸਾਥੀ ਕਲਾਕਾਰਾਂ ਨੇ ਰਾਮਲੀਲਾ ਦੌਰਾਨ ਪ੍ਰਦਰਸ਼ਨ ਕਰਕੇ ਹਰੀਸ਼ ਮਹਿਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।


25 ਸਾਲਾਂ ਤੋਂ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਸਨ ਹਰੀਸ਼ ਮਹਿਤਾ


ਮ੍ਰਿਤਕ ਹਰੀਸ਼ ਮਹਿਤਾ ਪਿਛਲੇ 25 ਸਾਲਾਂ ਤੋਂ ਹਨੂੰਮਾਨ ਦਾ ਕਿਰਦਾਰ ਨਿਭਾ ਰਿਹਾ ਸੀ। ਉਹ ਬਿਜਲੀ ਵਿਭਾਗ ਤੋਂ ਜੇਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਸੋਮਵਾਰ ਨੂੰ ਦੇਸ਼ ਭਰ 'ਚ ਰਾਮ ਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਮਨਾਇਆ ਜਾ ਰਿਹਾ ਹੈ। ਭਿਵਾਨੀ ਦੇ ਜਵਾਹਰ ਚੌਕ 'ਚ ਇੱਕ ਸਮਾਜਿਕ ਸੰਗਠਨ ਨੇ ਰਾਮ ਦੀ ਤਾਜਪੋਸ਼ੀ ਦਾ ਆਯੋਜਨ ਵੀ ਕੀਤਾ ਸੀ। ਇਸ ਦੌਰਾਨ ਹਰੀਸ਼ ਮਹਿਤਾ ਹਨੂੰਮਾਨ ਦਾ ਕਿਰਦਾਰ ਨਿਭਾਅ ਰਹੇ ਸਨ ਫਿਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਰਾਮ ਦਾ ਕਿਰਦਾਰ ਨਿਭਾਅ ਰਹੇ ਕਲਾਕਾਰ ਦੇ ਪੈਰੀਂ ਪੈ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਨੂੰਮਾਨ ਪਹਿਰਾਵੇ 'ਚ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਹ ਆਪਣੀ ਜਾਨ ਗੁਆ ​​ਚੁੱਕੇ ਸੀ। ਹਸਪਤਾਲ ਦੇ ਡਾਕਟਰ ਵਿਨੋਦ ਆਂਚਲ ਨੇ ਦੱਸਿਆ ਕਿ ਹਰੀਸ਼ ਨਾਂ ਦੇ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਸੀ। ਪਰ, ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।