ਨਵੀਂ ਦਿੱਲੀ: ਭੁਪਾਲ ਗੈਸ ਤ੍ਰਾਸਦੀ ਭਾਰਤ ਦੇ ਇਤਿਹਾਸ 'ਚ ਸਭ ਤੋਂ ਵੱਡਾ ਉਦਯੋਗਕ ਹਾਦਸਾ ਮੰਨਿਆ ਜਾਂਦਾ ਹੈ। ਇਸ ਹੌਲਨਾਕ ਘਟਨਾ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਇਸ ਦੁਰਘਟਨਾ ਨੂੰ ਭਾਵੇਂ 34 ਸਾਲ ਬੀਤ ਚੁੱਕੇ ਹਨ ਪਰ ਇੱਥੋਂ ਦੇ ਲੋਕ ਅੱਜ ਵੀ ਹਾਦਸੇ ਨੂੰ ਯਾਦ ਕਰਕੇ ਸਹਿਮ ਜਾਂਦੇ ਹਨ। ਅੱਜ ਵੀ ਅੱਥੇ ਜ਼ਹਿਰੀਲੀਆਂ ਗੈਸਾਂ ਦਾ ਖ਼ਤਰਾ ਬਰਕਰਾਰ ਹੈ।

34 ਸਾਲ ਪਹਿਲਾਂ 2-3 ਦਸੰਬਰ 1984 ਨੂੰ ਯੂਨੀਅਨ ਕਾਰਬਾਇਡ ਨਾਮਕ ਕੰਪਨੀ ਦੇ ਕਾਰਖਾਨੇ 'ਚੋਂ ਜ਼ਹਿਰੀਲੀ ਗੈਸ ਮਿਥਾਇਲ ਆਇਸੋ ਸਾਇਨਾਈਟ ਦਾ ਰਿਸਾਅ ਹੋਣ ਨਾਲ ਇਹ ਹਾਦਸਾ ਵਾਪਰਿਆ ਸੀ। ਇਸ ਗੈਸ ਦੀ ਵਰਤੋਂ ਕੀਟਨਾਸ਼ਕਾਂ ਲਈ ਕੀਤੀ ਜਾਂਦੀ ਹੈ। ਇਸ ਕਾਂਡ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਵੀ ਵਖਰੇਵੇਂ ਸਨ।

ਦਰਅਸਲ, ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 2259 ਦੱਸੀ ਗਈ ਸੀ। ਜਦਕਿ ਮੱਧ ਪ੍ਰਦੇਸ਼ ਦੀ ਤਤਕਾਲੀ ਸਰਕਾਰ ਨੇ 3,787 ਮੌਤਾਂ ਦੀ ਪੁਸ਼ਟੀ ਕੀਤੀ ਸੀ। ਪਰ ਕੁਝ ਰਿਪੋਰਟਾਂ 'ਚ ਦਾਅਵਾ ਸੀ ਕਿ ਕੜਾਕੇ ਦੀ ਠੰਢ 'ਚ ਰਾਤ ਵੇਲੇ ਹੋਏ ਇਸ ਹਾਦਸੇ 'ਚ ਇੱਕ ਹਫ਼ਤੇ ਦਰਮਿਆਨ ਤਕਰੀਬਨ 8,000 ਲੋਕਾਂ ਦੀ ਮੌਤ ਹੋਈ ਸੀ। ਜਦਕਿ ਕਰੀਬ ਇੰਨੇ ਹੀ ਲੋਕ ਬਿਮਾਰ ਹੋਣ ਤੋਂ ਬਾਅਦ ਦਮ ਤੋੜ ਚੁੱਕੇ ਹਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਅੱਜ ਵੀ ਭੁਪਾਲ ਦੇ ਆਸ-ਪਾਸ ਅਪਾਹਜ਼ ਬੱਚੇ ਪੈਦਾ ਹੁੰਦੇ ਹਨ।