ਗੁਰਦਾ ਦਾਨ ਕਰਨ ਦੀ ਇੱਛੁਕ ਮਨਜੋਤ ਸਿੰਘ ਕੋਹਲੀ (23) ਊਧਮਪੁਰ ਦੀ ਰਹਿਣ ਵਾਲੀ ਹੈ ਤੇ ਸਿੱਖ ਸਮਾਜਕ ਕਾਰਕੁਨ ਹੈ। ਉਸ ਦੀ ਮੁਸਲਿਮ ਦੋਸਤ ਸਮਰੀਨ ਅਖ਼ਤਰ (22) ਰਾਜੌਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਜਿਸ ਦੇ ਦੋਵੇਂ ਗੁਰਦੇ ਖ਼ਰਾਬ ਹਨ ਤੇ ਕਿਡਨੀ ਟ੍ਰਾਂਸਪਲਾਂਟ ਲਈ ਹਸਪਤਾਲ ਵਿੱਚ ਦਾਖਲ ਹੈ। ਜਿੱਥੇ ਸਮਰੀਨ ਆਪਣੀ ਸਿੱਖ ਦੋਸਤ ਨੂੰ ਬੇਹੱਦ ਖ਼ਾਸ ਸਮਝਦੀ ਹੈ ਉੱਥੇ ਹੀ ਮਨਜੋਤ ਆਪਣੀ ਕਿਡਨੀ ਨਾਲ ਸਮਰੀਨ ਦੀ ਜਾਨ ਬਚਾਉਣਾ ਲੋਚਦੀ ਹੈ। ਪਰ ਧਰਮ ਵੱਖ ਹੋਣ ਕਾਰਨ ਮਨਜੋਤ ਦਾ ਪਰਿਵਾਰ ਇਸ ਦੀ ਆਗਿਆ ਨਹੀਂ ਦੇ ਰਿਹਾ। ਮਰੀਜ਼ ਤੇ ਦਾਨੀ ਮੁਤਾਬਕ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (SKIMS) ਵੱਲੋਂ ਬੇਮਤਲਬ ਦੇਰੀ ਕੀਤੀ ਜਾ ਰਹੀ ਹੈ।
ਦਰਅਸਲ, ਮਨਜੋਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਜ਼ਿਦ ਖ਼ਿਲਾਫ਼ ਹਸਪਤਾਲ ਨੂੰ ਹੀ ਨੋਟਿਸ ਭੇਜ ਦਿੱਤਾ, ਜਿਸ ਤੋਂ ਬਾਅਦ ਐਸਕੇਆਈਐਮਐਸ ਥੋੜ੍ਹਾ ਝਕ ਰਿਹਾ ਹੈ। ਹੁਣ ਮਨਜੋਤ ਨੇ ਆਪ੍ਰੇਸ਼ਨ ਜਲਦ ਤੋਂ ਜਲਦ ਕਰਵਾਉਣ ਲਈ ਅਦਾਲਤ ਜਾਣ ਦਾ ਫੈਸਲਾ ਕਰ ਲਿਆ ਹੈ। ਉਸ ਦਾ ਤਰਕ ਹੈ ਕਿ ਜਦ ਉਹ ਬਾਲਗ ਹੈ ਤੇ ਆਪਣੇ ਫੈਸਲੇ ਆਪ ਲੈਣ ਦੇ ਸਮਰੱਥ ਹੈ ਤਾਂ ਅਜਿਹੇ ਫਾਲਤੂ ਅੜਿੱਕੇ ਕਿਉਂ ਡਾਹੇ ਜਾ ਰਹੇ ਹਨ। ਐਸਕੇਆਈਐਮਐਸ ਦੇ ਨਿਰਦੇਸ਼ਕ ਡਾ. ਉਮਰ ਸ਼ਾਹ ਨੇ ਇਸ ਮਾਮਲੇ 'ਤੇ ਸਿਰਫ਼ ਇਹੋ ਕਿਹਾ ਕਿ ਕਮੇਟੀ ਇਸ ਦੀ ਨਜ਼ਰਸਾਨੀ ਕਰ ਰਹੀ ਹੈ ਤੇ ਛੇਤੀ ਹੱਲ ਨਿਕਲ ਆਵੇਗਾ।