ਪੰਚਕੁਲਾ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਾਨੇਸਰ ਜ਼ਮੀਨ ਘੁਟਾਲੇ ਵਿੱਚ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜ ਲੱਖ ਰੁਪਏ ਦੇ ਨਿੱਜੀ ਮੁੱਚਲਕੇ ’ਤੇ ਜ਼ਮਾਨਤ ਦੇ ਦਿੱਤੀ ਹੈ। ਹੁੱਡਾ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪਾਲਿਕਾ ’ਤੇ ਪੂਰਾ ਭਰੋਸਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਮਾਮਲੇ ਦਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਉਨ੍ਹਾਂ ’ਤੇ ਲੱਗੇ ਸਾਰੇ ਦੋਸ਼ ਤੇ ਕੇਸ ਝੂਠੇ ਤੇ ਬੇਬੁਨਿਆਦ ਹਨ। ਉਹ ਇਨ੍ਹਾਂ ਕੇਸਾਂ ਸਬੰਧੀ ਅਦਾਲਤ ਅੰਦਰ ਕਾਨੂੰਨੀ ਤੇ ਸੜਕਾਂ ’ਤੇ ਸਿਆਸੀ ਜੰਗ ਲੜਨਗੇ।

 

ਅਦਾਲਤ ਦੀ ਪਿਛਲੀ ਸੁਣਵਾਈ ਵਿੱਚ ਹੁੱਡਾ ਦੇ ਵਕੀਲ ਆਰਐਸ ਚੀਮਾ ਨੇ ਉਨ੍ਹਾਂ ਦਾ ਮੈਡੀਕਲ ਪੇਸ਼ ਕੀਤਾ ਸੀ ਜਿਸ ਦੇ ਆਧਾਰ ’ਤੇ ਅਦਾਲਤ ਨੇ ਉਨ੍ਹਾਂ ਨੂੰ ਵਿਅਕਤੀਗਤ ਪੇਸ਼ੀ ਤੋਂ ਛੋਟ ਦੇ ਦਿੱਤੀ ਸੀ।

ਜਾਣੋ ਕੀ ਹੈ ਮਾਮਲਾ

17 ਸਤੰਬਰ, 2015 ਨੂੰ ਮਾਨੇਸਰ ਜ਼ਮੀਨ ਘੁਟਾਲੇ ਸਬੰਧੀ ਸੀਬੀਆਈ ਨੇ ਭੁਪਿੰਦਰ ਸਿੰਘ ਹੁੱਡਾ ਤੇ 34 ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਚਾਰਜਸ਼ੀਟ ਵਿੱਚ ਹੁੱਡਾ ਤੋਂ ਇਲਾਵਾ ਐਮ ਐਲ ਤਾਇਲ, ਛਤਰ ਸਿੰਘ, ਐਸਐਸ ਢਿੱਲੋਂ ਤੇ ਸਾਬਕਾ ਡੀਟੀਪੀ ਜਸਵੰਤ ਸਣੇ ਹੋਰ ਕਈ ਬਿਲਡਰਾਂ ਦਾ ਨਾਂ ਵੀ ਸ਼ਾਮਲ ਸੀ।

ਇਸ ਮਾਮਲੇ ਵਿੱਚ ਦੋਸ਼ ਸੀ ਕਿ ਅਗਸਤ 2014 ਵਿੱਚ ਪ੍ਰਾਈਵੇਟ ਬਿਲਡਰਾਂ ਨੇ ਹਰਿਆਣਾ ਸਰਕਾਰ ਦੇ ਇਲਾਵਾ ਕੁਝ ਜਨਸੇਵਕਾਂ ਨਾਲ ਮਿਲੀ ਭੁਗਚਤ ਕਰ ਕੇ ਗੁੜਗਾਓਂ ਜ਼ਿਲ੍ਹੇ ਵਿੱਚ ਮਾਨੇਸਰ, ਨੌਰੰਗਪੁਰ ਤੇ ਲਖਨੌਲਾ ਪਿੰਡਾਂ ਦੇ ਕਿਸਾਨਾਂ ਨੂੰ ਧਮਕਾ ਦੇ ਉਨ੍ਹਾਂ ਦੀ ਕਰੀਬ 400 ਏਕੜ ਜ਼ਮੀਨ ਮਾਮੂਲੀ ਕੀਮਤ ’ਤੇ ਖਰੀਦ ਕੇ ਅੱਗੇ ਬਿਲਡਰਾਂ ਨੂੰ ਵੇਚ ਦਿੱਤੀ ਸੀ।