ਚੰਡੀਗੜ੍ਹ: ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਕਿਸਾਨ ਅੰਦੋਲਨ ਨੇ ਪੂਰਾ ਜ਼ੋਰ ਫੜ੍ਹ ਲਿਆ ਹੈ। ਇਸ ਦਾ ਸਿੱਧਾ ਸੇਕ ਸੱਤਾਧਿਰ ਬੀਜੇਪੀ ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਲੱਗ ਰਿਹਾ ਹੈ। ਹੁਣ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸੂਬੇ ਭਰ ਵਿੱਚ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸਾਰੇ ਸਮਾਗਮਾਂ ਦਾ ਵਿਰੋਧ ਕਰਦਿਆਂ ਧਰਨੇ ਦਿੱਤੇ ਜਾ ਰਹੇ ਹਨ। ਪਿੰਡਾਂ ਵਿੱਚ ਵੱਡੇ-ਵੱਡੇ ਹੋਰਡਿੰਗ ਲਾ ਕੇ ਦੋਵਾਂ ਪਾਰਟੀਆਂ ਦੇ ਲੀਡਰਾਂ ਦਾ ਬਾਈਕਾਟ ਦਾ ਐਲਾਨ ਕੀਤਾ ਜਾ ਰਿਹਾ ਹੈ।
ਦਰਅਸਲ ਹੁਣ ਤੱਕ ਬੀਜੇਪੀ ਲੀਡਰ ਕਹਿ ਰਹੇ ਸੀ ਕਿ ਅੰਦੋਲਨ ਸਿਰਫ ਪੰਜਾਬ ਦੇ ਕਿਸਾਨ ਕਰ ਰਹੇ ਹਨ। ਪਿਛਲੇ ਇੱਕ ਮਹੀਨੇ ਵਿੱਚ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਹਰਿਆਣਾ ਵਿੱਚ ਵੇਖਿਆ ਜਾ ਰਿਹਾ ਹੈ। ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਵਿੱਚ ਬੀਜੇਪੀ ਦਾ ਹਾਰ ਮਗਰੋਂ ਲੀਡਰਸ਼ਿਪ ਵਿੱਚ ਘਬਰਾਹਟ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਵੀਕਾਰਿਆ ਹੈ ਕਿ ਕਿਸਾਨ ਅੰਦੋਲਨ ਕਰਕੇ ਹਾਰ ਹੋਈ ਹੈ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਅੰਬਾਨੀ, ਅਡਾਨੀ ਤੇ ਬਾਬਾ ਰਾਮਦੇਵ ਦੇ ਸਾਮਾਨ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹਰ ਤਬਕੇ ਦੇ ਲੋਕਾਂ ਨੂੰ ਇਨ੍ਹਾਂ ਦੇ ਸਾਮਾਨ ਦੀ ਵਰਤੋਂ ਨਾ ਕਰਨ ਤੇ ‘ਜੀਓ’ ਸਿਮ ਨੂੰ ਹੋਰਨਾਂ ਕੰਪਨੀਆਂ ਵਿੱਚ ਪੋਰਟ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਉਨ੍ਹਾਂ ਨੂੰ ਚੰਗਾ ਹੁਗਾਰਾ ਮਿਲ ਰਿਹਾ ਹੈ। ਹਰਿਆਣਾ ਦੇ ਟੌਲ ਪਲਾਜ਼ਿਆਂ ’ਤੇ ਵੀ ਧਰਨੇ ਜਾਰੀ ਹਨ।