Canada Visa: ਭਾਰਤ-ਕੈਨੇਡਾ ਵਿਵਾਦ ਵਿਚਾਲੇ ਪਰਵਾਸੀ ਪੰਜਾਬੀਆਂ ਨੂੰ ਵੀਜ਼ੇ ਸਬੰਧੀ ਵੱਡੀਆਂ ਦਿੱਕਤਾਂ ਆ ਰਹੀਆਂ ਹਨ। ਇੱਕ ਪਾਸੇ ਕੈਨੇਡਾ ਵੱਲੋਂ ਆਪਣੇ ਡਿਪਲੋਮੈਟ ਵਾਪਸ ਬਲਾਉਣ ਕਰਕੇ ਭਾਰਤ ਅੰਦਰ ਕੈਨੇਡਾ ਦੀ ਵੀਜ਼ੇ ਲਈ ਲੋਕ ਖੱਜਲ-ਖੁਆਰ ਹੋ ਰਹੇ ਹਨ, ਉੱਥੇ ਹੀ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ਉੱਪਰ ਰੋਕ ਲਾਈ ਹੋਈ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਉਪਰ ਪੈ ਰਿਹਾ ਹੈ।


ਉਧਰ, ਬ੍ਰਿਟਿਸ਼ ਕੋਲੰਬੀਆ ਦੀਆਂ ਕੁਝ ਗੁਰਦੁਆਰਾ ਕਮੇਟੀਆਂ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿੱਚ ਕੈਨੇਡਾ ਤੋਂ ਭਾਰਤ ਲਈ ਮੁਅੱਤਲ ਕੀਤੀਆਂ ਵੀਜ਼ਾ ਸੇਵਾਵਾਂ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਹੈ। ਪੱਤਰ ਵਿੱਚ ਵਤਨ ਗੇੜੀ ਮਾਰਨ ਵਾਲਿਆਂ ਨੂੰ ਦਰਪੇਸ਼ ਔਕੜਾਂ ਬਾਰੇ ਜਾਣੂੰ ਕਰਾਇਆ ਗਿਆ ਹੈ। 


ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦੇ ਦਸਤਖਤਾਂ ਹੇਠ ਜਾਰੀ ਪੱਤਰ ਨਾਲ ਸੂਬੇ ਦੀਆਂ 15 ਹੋਰ ਗੁਰਦੁਆਰਾ ਕਮੇਟੀਆਂ ਦੀ ਸੂਚੀ ਨੱਥੀ ਕਰਕੇ ਮੰਗ ਸਾਂਝੀ ਮੰਗ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮੰਗ ਪੱਤਰ ਦੀ ਕਾਪੀ ਵੈਨਕੂਵਰ ਸਥਿੱਤ ਭਾਰਤੀ ਕੌਂਸਲੇਟ ਮੁਨੀਸ਼ ਕੁਮਾਰ ਨੂੰ ਵੀ ਭੇਜੀ ਗਈ ਹੈ। ਪੱਤਰ ਵਿੱਚ ਈ-ਵੀਜ਼ਾ ਸੇਵਾ ਤੇ ਆਊਟ ਸੋਰਸ (ਬੀਐਲਐਸ) ਏਜੰਸੀ ਰਾਹੀਂ ਦਿੱਤੀਆਂ ਜਾਂਦੀਆਂ ਸੇਵਾਵਾਂ ਤੁਰੰਤ ਚਾਲੂ ਕਰਕੇ ਭਾਰਤ ਯਾਤਰਾ ਤੇ ਵਪਾਰਕ ਰੁਕਾਵਟਾਂ ਦੂਰ ਕਰਨ ਦੀ ਮੰਗ ਦੁਹਰਾ ਕੇ ਵਿਦੇਸ਼ ਮੰਤਰੀ ਵੱਲੋਂ ਗੌਰ ਕਰਨ ਦਾ ਭਰੋਸਾ ਪ੍ਰਗਟ ਕੀਤਾ ਗਿਆ ਹੈ। 


ਇਹ ਵੀ ਪੜ੍ਹੋ: Drug War: ਰਾਜਜੀਤ ਸਿੰਘ ਹੁੰਦਲ ਨੇ STF ਨਾਲ ਲੈ ਲਿਆ ਪੁੱਠਾ ਪੰਗਾ ! ਹੁਣ ਅਦਾਲਤ ਦਾ ਰੁਖ ਕਰਨ ਜਾ ਰਹੀ ਪੁਲਿਸ


ਦੱਸ ਦਈਏ ਕਿ ਸਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਵੱਖਵਾਦੀ ਸੋਚ ਵਾਲੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸੂਈ ਭਾਰਤੀ ਖੁਫੀਆ ਏਜੰਸੀਆਂ ਵੱਲ ਸੇਧਤ ਹੋਣ ਮਗਰੋਂ ਕੈਨੇਡਾ-ਭਾਰਤ ਸਬੰਧਾਂ ਵਿੱਚ ਪੈਦਾ ਹੋਏ ਤਣਾਅ ਕਰਕੇ ਭਾਰਤ ਸਰਕਾਰ ਨੇ ਕੈਨੇਡਾ ਤੋਂ ਭਾਰਤ ਲਈ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ ਹੋਈਆਂ ਹਨ, ਜਿਸ ਕਾਰਨ ਭਾਰਤ ਜਾਣ ਵਾਲੇ ਲੋਕ ਕਾਫੀ ਦਿੱਕਤ ਮਹਿਸੂਸ ਕਰ ਰਹੇ ਹਨ। 


ਕੁਝ ਲੋਕ ਅਮਰੀਕਾ ਦੇ ਸ਼ਹਿਰਾਂ ’ਚ ਸਥਿਤ ਭਾਰਤੀ ਸਫਾਰਤਖਾਨਿਆਂ ਰਾਹੀਂ ਵੀਜ਼ੇ ਲਵਾ ਰਹੇ ਹਨ, ਜੋ ਪ੍ਰੇਸ਼ਾਨੀਆਂ ਭਰਿਆ ਤੇ ਖਰਚੀਲਾ ਯਤਨ ਸਾਬਤ ਹੋ ਰਿਹਾ ਹੈ। ਨੱਥੀ ਕੀਤੀ ਕਮੇਟੀਆਂ ਦੀ ਸੂਚੀ ਵਿੱਚ ਸਰੀ ਗੁਰਦੁਆਰਾ ਕਮੇਟੀ ਦਾ ਨਾਂ ਸ਼ਾਮਲ ਨਹੀਂ ਹੈ।


ਇਹ ਵੀ ਪੜ੍ਹੋ: Chandigarh News: 101 ਫੁੱਟ ਉੱਚੇ ਰਾਵਣ ਦੀ ਰਾਖੀ ਲਈ 40 ਬਾਊਂਸਰ ਤਾਇਨਾਤ, ਥ੍ਰੀ ਲੇਅਰ ਸੁਰੱਖਿਆ ਪ੍ਰਬੰਧ