ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਅਗਵਾਈ ਹੇਠਲੀ ਰਿਲਾਇੰਸ ਇੰਡਸਟ੍ਰੀਜ਼ ਨੇ ਇੰਗਲੈਂਡ ਦੇ ਵੱਕਾਰੀ ਕੰਟਰੀ ਕਲੱਬ ਤੇ ਲਗਜ਼ਰੀ ਗੌਲਫ਼ ਰਿਜ਼ੌਰਟ Stoke Park ਨੂੰ ਖ਼ਰੀਦਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ 5 ਕਰੋੜ 70 ਲੱਖ ਪੌਂਡ (ਲਗਪਗ 592 ਕਰੋੜ ਰੁਪਏ) ’ਚ ਇਸ ਕੰਟਰੀ ਕਲੱਬ ਤੇ ਰਿਜ਼ੌਰਟ ਨੂੰ ਖ਼ਰੀਦਿਆ ਹੈ।

 
ਇਸ ਤਰ੍ਹਾਂ ਵੇਖਿਆ ਜਾਵੇ, ਤਾਂ ਰਿਲਾਇੰਸ ਨੇ ਪਿਛਲੇ ਚਾਰ ਸਾਲਾਂ ਅੰਦਰ ਕੁੱਲ 3.3 ਅਰਬ ਡਾਲਰ ਕੀਮਤ ਦੀਆਂ ਕੰਪਨੀਆਂ ਅਕਵਾਇਰ ਕਰਨ ਦਾ ਐਲਾਨ ਕੀਤਾ ਹੈ। ਰਿਲਾਇੰਸ ਇੰਡਸਟ੍ਰੀਜ਼ ਨੇ ਪਿਛਲੇ ਚਾਰ ਸਾਲਾਂ ਵਿੱਚ ਜਿਹੜੀਆਂ ਕੰਪਨੀਆਂ ਖ਼ਰੀਦਣ ਜਾਂ ਅਕਵਾਇਰ ਕਰਨ ਦਾ ਐਲਾਨ ਕੀਤਾ ਹੈ; ਉਨ੍ਹਾਂ ਵਿੱਚ ਰੀਟੇਲ ਸੈਕਟਰ ਦੀਆਂ 14 ਫ਼ੀ ਸਦੀ, ਟੈਕਨੋਲੋਜੀ, ਮੀਡੀਆ ਤੇ ਟੈਲੀਕੌਮ ਸੈਕਟਰ ਦੀਆਂ 80 ਫ਼ੀਸਦੀ, ਐਨਰਜੀ ਸੈਕਟਰ ਦੀਆਂ ਛੇ ਫ਼ੀਸਦੀ ਕੰਪਨੀਆਂ ਸ਼ਾਮਲ ਹਨ।

 

ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (RIL) ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਹੈ ਕਿ ਇੰਗਲ਼ਡ ਦੇ ਬਕਿੰਘਮਸ਼ਾਇਰ ’ਚ ਇੱਕ ਹੋਟਲ ਤੇ ਗੌਲਫ਼ ਕੋਰਸ ਦੀ ਮਾਲਕੀ ਵਾਲੀ ਕੰਪਨੀ ਨੂੰ ਖ਼ਰੀਦਣ ਨਾਲ ਰਿਲਾਇੰਸ ਦੀਆਂ ਖਪਤਕਾਰ ਤੇ ਪ੍ਰਾਹੁਣਚਾਰੀ ਖੇਤਰ ਦੀਆਂ ਜਾਇਦਾਦਾਂ ਵਿੱਚ ਵਾਧਾ ਹੋਇਆ ਹੈ। RIL ਨੇ ਕਿਹਾ ਹੈ ਕਿ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ‘ਰਿਲਾਇੰਸ ਇੰਡਸਟ੍ਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਜ਼ ਲਿਮਿਟੇਡ’ (RIIHL) ਨੇ 5 ਕਰੋੜ 70 ਲੱਖ ਡਾਲਰ ਵਿੱਚ ਇੰਗਲੈਂਡ ਦੀ ਕੰਪਨੀ Stoke Park Limited ਦੇ ਸਾਰੇ ਸ਼ੇਅਰ ਖ਼ਰੀਦ ਲਏ ਹਨ।

 

Stoke Park Limited ਕੋਲ ਇੰਗਲੈਂਡ ਦੇ ਬਕਿੰਘਮਸ਼ਾਇਰ ’ਚ ਸਟੋਕ ਪੋਗਸ ਵਿਖੇ ਸਪੋਰਟਿੰਗ ਤੇ ਮੌਜ-ਮਸਤੀ ਨਾਲ ਜੁੜੀਆਂ ਸੁਵਿਧਾਵਾਂ ਹਨ। ਇਨ੍ਹਾਂ ਵਿੱਚ ਇੱਕ ਹੋਟਲ, ਕਾਨਫ਼ਰੰਸ ਦੀਆਂ ਸੁਵਿਧਾਵਾਂ, ਸਪੋਰਟਸ ਸੁਵਿਧਾਵਾਂ, ਗੌਲਫ਼ ਕੋਰਸ ਹਨ। ਕੰਪਨੀ ਇਨ੍ਹਾਂ ਸੁਵਿਧਾਵਾਂ ਨੂੰ ਮੈਨੇਜ ਵੀ ਕਰਦੀ ਹੈ। ਕੰਪਨੀ ਦਾ ਇਹ ਗੌਲਫ਼ ਕੋਰਸ ਯੂਰਪ ਵਿੱਚ ਸਭ ਤੋਂ ਵਧੀਆ ਰੇਟਿੰਗ ਵਾਲੇ ਗੌਲਫ਼ ਕੋਰਸੇਜ਼ ਵਿੱਚੋਂ ਇੱਕ ਹੈ।

ਰਿਲਾਇੰਸ ਅਨੁਸਾਰ – RIIHL ਇਸ ਵਿਰਾਸਤੀ ਸਥਾਨ ਉੱਤੇ ਖੇਡਾਂ ਤੇ ਮਨੋਰੰਜਨ ਦੀਆਂ ਸੁਵਿਧਾਵਾਂ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰੇਗਾ। ਅਜਿਹੀ ਯੋਜਨਾਬੰਦੀ ਨਾਲ ਜੁੜੇ ਦਿਸ਼ਾ–ਨਿਰਦੇਸ਼ਾਂ ਤੇ ਸਥਾਨਕ ਵਿਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।