TTE ਨੇ ਮੰਗੀ ਟਿਕਟ ਤਾਂ ਟ੍ਰੇਨ 'ਚ ਬੈਠੀ ਕੁੜੀ ਹਾਰ ਬੈਠੀ ਆਪਣਾ ਦਿਲ, ਹੁੰਦੀਆਂ ਰਹੀਆਂ ਪਿਆਰ ਦੀਆਂ ਗੱਲਾਂ ਫਿਰ ਵੀ ਗੱਲ ਪਹੁੰਚੀ ਥਾਣੇ
ਪੂਰੇ ਮਾਮਲੇ ਸਬੰਧੀ ਗਯਾ ਪਹੁੰਚੀ ਸੁਬਰਨਾ ਬੈਨਰਜੀ ਨੇ ਦੱਸਿਆ ਕਿ ਉਸ ਨੂੰ ਤੇ ਯੋਗੇਸ਼ ਨੂੰ ਰੇਲ ਗੱਡੀ ਵਿੱਚ ਹੀ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਇਸ ਉਪਰੰਤ ਉਨ੍ਹਾਂ ਵਿੱਧਿਆਂਚਲ ਦੇ ਮੰਦਰ ਵਿੱਚ ਵਿਆਹ ਵੀ ਕਰ ਲਿਆ।
ਲਖਨਊ: ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਸੁਬਰਨਾ ਬੈਨਰਜੀ ਨੂੰ ਬਿਹਾਰ ਦੇ ਗਯਾ ਦੇ ਰਹਿਣ ਵਾਲੇ ਟੀਟੀਈ ਯੋਗੇਸ਼ ਕੁਮਾਰ ਨੂੰ ਟ੍ਰੇਨ ਵਿੱਚ ਹੀ ਪਿਆਰ ਹੋ ਗਿਆ ਸੀ। ਉਹ ਕਾਨਪੁਰ ਤੋਂ ਦਿੱਲੀ ਜਾ ਰਹੀ ਸੀ। ਇਸੇ ਦਰਮਿਆਨ ਯੋਗੇਸ਼ ਤੇ ਸੁਬਰਨਾ ਇੱਕ ਦੂਜੇ ਨੂੰ ਆਪਣਾ ਦਿਲ ਹਾਰ ਬੈਠੇ। ਦੋਵਾਂ ਨੇ ਇੱਕ-ਦੂਜੇ ਦਾ ਮੋਬਾਈਲ ਨੰਬਰ ਲਿਆ ਤੇ ਗੱਲਾਂ-ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੁਝ ਮਹੀਨੇ ਤੱਕ ਤਾਂ ਸ਼ਭ ਕੁਝ ਠੀਕ ਰਿਹਾ ਪਰ ਹੁਣ ਮਾਮਲਾ ਥਾਣੇ ਪਹੁੰਚ ਗਿਆ ਹੈ।
ਪੂਰੇ ਮਾਮਲੇ ਸਬੰਧੀ ਗਯਾ ਪਹੁੰਚੀ ਸੁਬਰਨਾ ਬੈਨਰਜੀ ਨੇ ਦੱਸਿਆ ਕਿ ਨਵੰਬਰ 2019 ਵਿੱਚ ਉਹ ਕਾਨਪੁਰ ਤੋਂ ਦਿੱਲੀ ਜਾ ਰਹੀ ਸੀ। ਉਸ ਨੂੰ ਤੇ ਰੇਲ ਦੇ ਟੀਟੀਈ ਯੋਗੇਸ਼ ਨੂੰ ਗੱਡੀ ਵਿੱਚ ਹੀ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਇਸ ਉਪਰੰਤ ਯੋਗੇਸ਼ ਕਈ ਵਾਰ ਉਸ ਨੂੰ ਮਿਲਣ-ਗਿਲਣ ਲਈ ਵੀ ਆਇਆ ਅਤੇ ਉਨ੍ਹਾਂ ਵਿੱਧਿਆਂਚਲ ਦੇ ਮੰਦਰ ਵਿੱਚ ਵਿਆਹ ਵੀ ਕਰ ਲਿਆ। ਫਿਰ ਯੋਗੇਸ਼ ਉਸ ਨੂੰ ਘੁੰਮਾਉਣ ਲਈ ਵੈਸ਼ਣੋ ਦੇਵੀ ਵੀ ਲੈ ਗਿਆ। ਇਸੇ ਦਰਮਿਆਨ ਸੁਬਰਨਾ ਗਰਭਵਤੀ ਹੋ ਗਈ ਤਾਂ ਉਸ ਨੇ ਸਮਾਜਕ ਤੌਰ 'ਤੇ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ।
ਪ੍ਰੇਮੀ ਖ਼ਿਲਾਫ਼ ਕਾਨਪੁਰ 'ਚ ਦਰਜ ਹੋਇਆ ਕੇਸ
ਸੁਬਰਨਾ ਨੇ ਦੱਸਿਆ ਕਿ ਫਿਰ ਉਸ ਨੇ ਦਸੰਬਰ 2020 ਵਿੱਚ ਆਪਣਾ ਗਰਭਪਾਤ ਕਰਵਾ ਦਿੱਤਾ। ਉਸ ਨੇ ਕਾਨਪੁਰ ਰੇਲ ਬਾਜ਼ਾਰ ਥਾਣੇ ਵਿੱਚ ਪ੍ਰੇਮੀ ਖ਼ਿਲਾਫ਼ ਐਫਆਈਆਰ ਦਰਜ ਵੀ ਕਰਵਾਈ। ਮੁਟਿਆਰ ਨੇ ਹੁਣ ਐਸਐਸਪੀ ਆਦਿੱਤਿਆ ਕੁਮਾਰ ਤੋਂ ਨਿਆਂ ਦੀ ਅਪੀਲ ਕਰਦਿਆਂ ਆਖਿਆ ਹੈ ਕਿ ਯੋਗੇਸ਼ ਦਸੰਬਰ ਵਿੱਚ ਦੂਜਾ ਵਿਆਹ ਕਰਨ ਵਾਲਾ ਹੈ ਤੇ ਉਸ ਨੂੰ 12 ਲੱਖ ਰੁਪਏ ਦਾਜ ਵਿੱਚ ਵੀ ਮਿਲ ਰਹੇ ਹਨ। ਸੁਬਰਨਾ ਨਾਲ ਵਿਆਹ ਤੋਂ ਇਨਕਾਰ ਕਰਨ ਮਗਰੋਂ ਯੋਗੇਸ਼ ਨੇ ਜੁਲਾਈ 2021 ਵਿੱਚ ਆਪਣੀ ਬਦਲੀ ਵੀ ਮੁਗ਼ਲਸਰਾਇ ਮੰਡਲ ਵਿੱਚ ਕਰਵਾ ਲਈ। ਹੁਣ ਸਾਰੇ ਮਾਮਲੇ ਦੀ ਜਾਂਚ ਪੁਲਿਸ ਜਾਂਚ ਕਰ ਰਹੀ ਹੈ।