ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਅਤੇ ਗੁਜਰਾਤ ਵਿੱਚ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਈ ਟੀ.ਵੀ. ਚੈਨਲਾਂ ਨੂੰ ਇੰਟਰਵਿਊ ਦਿੱਤੇ ਹਨ ਪਰ ਇਸ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਚੋਣ ਕਮੀਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਰਾਹੁਲ ਗਾਂਧੀ ਨੇ ਇੰਟਰਵਿਊ ਦੇ ਕੇ ਚੋਣਾਂ ਦੇ ਕੋਡ ਨੂੰ ਤੋੜਿਆ ਹੈ।


ਕਾਂਗਰਸ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ 2014 ਵਿੱਚ ਮੋਦੀ ਨੇ ਵੀ ਚੋਣ ਤੋਂ ਪਹਿਲਾਂ ਇੰਟਰਵਿਊ ਦਿੱਤਾ ਸੀ। ਚੋਣ ਤੋਂ ਪਹਿਲਾਂ ਬੀਜੇਪੀ ਨੇ ਸੰਕਲਪ ਪੱਤਰ ਜਾਰੀ ਕਰਨ 'ਤੇ ਵੀ ਸਵਾਲ ਚੁੱਕੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਪੱਤਰਕਾਰਾਂ ਨੂੰ ਧਮਕੀ ਦੇ ਰਹੀ ਹੈ ਅਤੇ ਜੇਲ ਭੇਜਣ ਦਾ ਡਰਾਵਾ ਦੇ ਰਹੀ ਹੈ।

ਬੀਜੇਪੀ ਵਲੋਂ ਰੇਲ ਮੰਤਰੀ ਪਿਊਸ਼ ਗੋਇਲ ਸਾਹਮਣੇ ਆਏ ਹਨ। ਉਨ੍ਹਾਂ ਕਿਹਾ- ਜਿੱਥੇ ਤੱਕ ਸਾਨੂੰ ਅਚਾਰ ਸੰਹਿਤਾ ਦੀ ਸਮਝ ਹੈ ਕਿ ਚੋਣ ਤੋਂ 48 ਘੰਟੇ ਪਹਿਲਾਂ ਇੰਟਰਵਿਊ ਨਹੀਂ ਦੇ ਸਕਦੇ। ਚੋਣ ਕਮੀਸ਼ਨ ਤੋਂ ਸਾਨੂੰ ਇਹੋ ਜਾਣਕਾਰੀ ਮਿਲੀ ਹੈ ਕਿ ਕੱਲ੍ਹ ਸ਼ਾਮ ਤੋਂ ਇੰਟਰਵਿਊ ਦੇਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ। ਕਾਂਗਰਸ ਦੇ ਲੋਕ ਘਬਰਾਏ ਹੋਏ ਹਨ ਅਤੇ ਉਨ੍ਹਾਂ ਨੂੰ ਲਗ ਰਿਹਾ ਹੈ ਕਿ ਬੀਜੇਪੀ 150 ਤੋਂ ਵੱਧ ਸੀਟਾਂ ਨਾ ਜਿੱਤ ਜਾਵੇ। ਇਸੇ ਕਾਰਨ ਉਹ ਅਜਿਹਾ ਕਰ ਰਹੇ ਹਨ।

ਕਾਂਗਰਸ ਨੇ ਬੀਜੇਪੀ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਚੋਣ ਤੋਂ ਪਹਿਲਾਂ ਇੰਟਰਵਿਊ ਦੇਣਾ ਗੁਣਾਹ ਹੈ ਤਾਂ 2014 ਵਿੱਚ ਚੋਣ ਤੋਂ ਠੀਕ ਇਕ ਦਿਨ ਪਹਿਲਾਂ ਮੋਦੀ ਜੀ ਨੇ ਕਿਉਂ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਸੀ।