ਨਵੀਂ ਦਿੱਲੀ: ਡੇਰਾ ਹਿੰਸਾ ਵਿੱਚ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 28 ਦੀ ਮੌਤ ਪੰਚਕੂਲਾ ਵਿੱਚ ਹੋਈ ਹੈ। ਹੁਣ ਤੱਕ ਕੇਵਲ ਇੱਕ ਲਾਸ਼ ਦੀ ਸ਼ਨਾਖ਼ਤ ਹੋਈ ਹੈ, ਬਾਕੀ ਸਭ ਅਣਪਛਾਤੀਆਂ ਹਨ। ਇਹ ਜਾਣਕਾਰੀ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਹੈ।


ਗੁਰਮੀਤ ਰਾਮ ਰਹੀਮ ਦੇ ਫੈਸਲੇ ਦੇ ਬਾਅਦ ਫੈਲੀ ਹਿੰਸਾ ਵਿੱਚ 33 ਲੋਕਾਂ ਦੇ ਮਾਰੇ ਜਾਣ ਦੇ ਬਾਵਜੂਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੁਰਸੀ ਬਚੀ ਰਹਿਣ ਦੀਆਂ ਸੰਭਾਵਨਾਵਾਂ ਹੋਰ ਵਧ ਗਈਆਂ ਹਨ।

ਸੂਤਰਾਂ ਮੁਤਾਬਕ ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹਟਾਉਣ ਦਾ ਐਲਾਨ ਨਹੀਂ ਕੀਤਾ ਹੈ। ਖੱਟਰ ਦੇ ਅਸਤੀਫੇ ਦੀ ਪੁਰਜ਼ੋਰ ਮੰਗ ਦੇ ਬਾਵਜੂਦ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਏ ਰੱਖ ਸਕਦੀ ਹੈ।

ਜਦਕਿ, ਕਾਂਗਰਸ ਨੇ ਹਰਿਆਣਾ ਵਿੱਚ ਹੋਈਆਂ ਮੌਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸੂਤਰਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਖੱਟਰ ਨੂੰ ਕੁਰਸੀ ਤੋਂ ਲਾਹੁਣ ਦੇ ਮੂਡ ਵਿੱਚ ਨਹੀਂ ਹੈ।

ਅੱਜ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਇੰਚਾਰਜ ਅਨਿਲ ਜੈਨ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਬੰਧੀ ਬੈਠਕ ਵੀ ਕੀਤੀ ਸੀ। ਇਸ ਬੈਠਕ ਵਿੱਚ ਭਾਜਪਾ ਦੇ ਕਈ ਸੀਨੀਅਰ ਨੇਤਾ ਵੀ ਸ਼ਾਮਲ ਸਨ।