ਬੀਜੇਪੀ ਲੀਡਰ ਤਜਿੰਦਰਪਾਲ ਬੱਗਾ ਦੀ ਕੇਜਰੀਵਾਲ ਨੂੰ ਚੇਤਾਵਨੀ, ਮੇਰੇ 'ਤੇ ਭਾਵੇਂ 1000 ਪਰਚੇ ਪਾ ਦਿਓ, ਸਵਾਲ ਤਾਂ ਕਰਦਾ ਰਹਾਂਗਾ...
ਪੰਜਾਬ ਤੇ ਰਹਿਆਣਾ ਹਾਈਕੋਰਟ ਤੋਂ ਰਾਹਤ ਮਿਲਣ ਮਗਰੋਂ ਬੀਜੇਪੀ ਲੀਡਰ ਤਜਿੰਦਰਪਾਲ ਬੱਗਾ ਨੇ ਆਮ ਆਦਮੀ ਪਾਰਟੀ ਨੂੰ ਵੰਗਾਰਿਆ ਹੈ। ਤਜਿੰਦਰਪਾਲ ਬੱਗਾ ਨੇ ਕਿਹਾ ਹੈ ਕਿ ਮੇਰੇ 'ਤੇ ਭਾਵੇਂ 1000 ਪਰਚੇ ਪਾ ਦਿਓ, ਮੈਂ ਕੇਜਰੀਵਾਲ ਨੂੰ ਸਵਾਲ ਕਰਦਾ ਰਹਾਂਗਾ।
ਨਵੀਂ ਦਿੱਲੀ: ਪੰਜਾਬ ਤੇ ਰਹਿਆਣਾ ਹਾਈਕੋਰਟ ਤੋਂ ਰਾਹਤ ਮਿਲਣ ਮਗਰੋਂ ਬੀਜੇਪੀ ਲੀਡਰ ਤਜਿੰਦਰਪਾਲ ਬੱਗਾ ਨੇ ਆਮ ਆਦਮੀ ਪਾਰਟੀ ਨੂੰ ਵੰਗਾਰਿਆ ਹੈ। ਤਜਿੰਦਰਪਾਲ ਬੱਗਾ ਨੇ ਕਿਹਾ ਹੈ ਕਿ ਮੇਰੇ 'ਤੇ ਭਾਵੇਂ 1000 ਪਰਚੇ ਪਾ ਦਿਓ, ਮੈਂ ਕੇਜਰੀਵਾਲ ਨੂੰ ਸਵਾਲ ਕਰਦਾ ਰਹਾਂਗਾ।
ਬੱਗਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਕਿਉਂਕਿ ਉਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਵਾਲ ਕੀਤਾ ਸੀ।
ਦੱਸ ਦਈਏ ਕਿ ਹਾਲ ਹੀ ਵਿੱਚ ਬੱਗਾ ਦੀ ਗ੍ਰਿਫ਼ਤਾਰੀ ਕਾਰਨ ਸਿਆਸੀ ਤੂਫਾਨ ਪੈਦਾ ਹੋ ਗਿਆ ਸੀ। ਪੰਜਾਬ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਬੱਗਾ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਸੀ ਤੇ ਮਗਰੋਂ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ। ਇਸ ਤਰ੍ਹਾਂ ਪੰਜਾਬ ਪੁਲਿਸ ਦੇ ਹੱਥ ਖਾਲੀ ਰਹਿ ਗਏ ਸਨ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤੇਜਿੰਦਰਪਾਲ ਬੱਗਾ ਨੂੰ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ 5 ਜੁਲਾਈ ਤੱਕ ਵਧਾ ਦਿੱਤੀ ਹੈ। ਬੱਗਾ ਵਿਰੁੱਧ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਸੈੱਲ ਥਾਣੇ ਵਿੱਚ ਫੌਜਦਾਰੀ ਕੇਸ ਦਰਜ ਕੀਤਾ ਗਿਆ ਸੀ। ਬੱਗਾ ’ਤੇ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਤੇ ਸਮਾਜ ਨੂੰ ਧਰਮ ਤੇ ਜਾਤ-ਪਾਤ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।
ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਪਿਛਲੇ ਦਿਨੀਂ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਦਿੱਲੀ ਪੁਲਿਸ ਦੇ ਕਹਿਣ ’ਤੇ ਕੁਰੂਕਸ਼ੇਤਰ ਨੇੜੇ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆ ਰਹੀ ਪੰਜਾਬ ਪੁਲਿਸ ਦੇ ਕਾਫ਼ਲੇ ਦਾ ਰਾਹ ਡੱਕ ਲਿਆ। ਇਸ ਦੌਰਾਨ ਤਿੰਨ ਸੂਬਿਆਂ ਦੀ ਪੁਲਿਸ ਵਿੱਚ ਕਾਫ਼ੀ ਜੱਦੋਜਹਿਦ ਹੋਈ ਤੇ ਕੁਝ ਘੰਟਿਆਂ ਮਗਰੋਂ ਦਿੱਲੀ ਪੁਲਿਸ ਨੇ ਬੱਗੇ ਨੂੰ ਜਬਰੀ ਰਿਹਾਅ ਕਰਵਾ ਲਿਆ ਸੀ।