ਬੀਜੇਪੀ ਲੀਡਰਾਂ ਨੇ ਸੁਰੱਖਿਆ ਵਧਾਉਣ ਲਈ ਖੁਦ 'ਤੇ ਅੱਤਵਾਦੀ ਹਮਲੇ ਦਾ ਕੀਤਾ ਨਾਟਕ, ਇੰਝ ਆਏ ਅੜਿੱਕੇ
ਜੰਮੂ-ਕਸ਼ਮੀਰ ਪੁਲਿਸ ਨੇ ਪਿਛਲੇ ਹਫਤੇ ਕੁਪਵਾੜਾ ਵਿੱਚ ਇੱਕ ਝੂਠੇ ਅੱਤਵਾਦੀ ਹਮਲਾਵਰ ਹੋਣ ਦਾ ਨਾਟਕ ਕਰਨ ਵਾਲੇ ਦੋ ਭਾਜਪਾ ਨੇਤਾਵਾਂ ਤੇ ਉਨ੍ਹਾਂ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (PSOs) ਨੂੰ ਗ੍ਰਿਫਤਾਰ ਕੀਤਾ ਹੈ।
ਸ਼੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਨੇ ਪਿਛਲੇ ਹਫਤੇ ਕੁਪਵਾੜਾ ਵਿੱਚ ਇੱਕ ਝੂਠੇ ਅੱਤਵਾਦੀ ਹਮਲਾਵਰ ਹੋਣ ਦਾ ਨਾਟਕ ਕਰਨ ਵਾਲੇ ਦੋ ਭਾਜਪਾ ਨੇਤਾਵਾਂ ਤੇ ਉਨ੍ਹਾਂ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (PSOs) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਸੁਰੱਖਿਆ ਵਧਾਉਣ ਲਈ ਆਪਣੇ ਉਤੇ ਅੱਤਵਾਦੀ ਹਮਲਾ ਹੋਣ ਦਾ ਦਿਖਾਵਾ ਕੀਤਾ ਸੀ।
ਇੰਡੀਅਨ ਐਕਸਪ੍ਰੈਸ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਪਾਰਟੀ ਦੇ ਜ਼ਿਲ੍ਹਾ ਬੁਲਾਰੇ ਬਸ਼ਰਤ ਅਹਿਮਦ ਤੇ ਪੀਐਸਓ ਦੀ ਮਿਲੀਭੁਗਤ ਨਾਲ ਕੁਪਵਾੜਾ ਵਿੱਚ ਭਾਜਪਾ ਆਈਟੀ ਸੈੱਲ ਦੇ ਇੰਚਾਰਜ ਇਸ਼ਫਾਕ ਅਹਿਮਦ ਮੀਰ ਨੇ ਆਪਣੇ ਆਪ ਉਤੇ ਫਰਜੀ ਹਮਲਾ ਕਰਵਾਇਆ। ਇਸ ਸਾਰੇ ਮਾਮਲੇ 'ਤੇ ਭਾਜਪਾ ਨੇ ਕਿਹਾ ਹੈ ਕਿ ਪਾਰਟੀ ਨੇ ਇਸ਼ਫਾਕ ਦੇ ਪਿਤਾ ਮੁਹੰਮਦ ਸ਼ਫੀ ਮੀਰ, ਜੋ ਕੁਪਵਾੜਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਨ, ਨੂੰ ਇਸ ਮਾਮਲੇ ਦੀ ਜਾਂਚ ਹੋਣ ਤਕ ਮੁਅੱਤਲ ਕਰ ਦਿੱਤਾ ਹੈ।
ਅਸਲ ਸੱਚਾਈ ਇੱਕ-ਦੋ ਦਿਨਾਂ ਵਿੱਚ ਸਾਹਮਣੇ ਆਵੇਗੀ
ਇੰਡੀਅਨ ਐਕਸਪ੍ਰੈਸ ਨੂੰ ਮਿਲੀ ਖ਼ਬਰ ਅਨੁਸਾਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਇਸ ਸਾਰੇ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਜਾਵੇਗੀ। 16 ਜੁਲਾਈ ਨੂੰ ਖ਼ਬਰ ਆਈ ਸੀ ਕਿ ਇਸ਼ਫਾਕ ਕੁਪਵਾੜਾ ਦੇ ਗੁਲਗਾਮ ਵਿੱਚ ਲੋਕਾਂ ਨੂੰ ਰਾਹਤ ਵੰਡ ਰਿਹਾ ਸੀ ਤਾਂ ਉਸ 'ਤੇ ਇਕ ਅਤਿਵਾਦੀ ਨੇ ਹਮਲਾ ਕਰ ਦਿੱਤਾ।
ਇਸ਼ਫਾਕ ਨੇ ਦਾਅਵਾ ਕੀਤਾ ਸੀ ਕਿ ਇਸ ਘਟਨਾ ਵਿੱਚ ਉਸ ਦੇ ਹੱਥ ਵਿਚ ਗੋਲੀ ਲੱਗੀ ਸੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਜਲਦੀ ਹੀ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਘਟਨਾ ਅਤਿਵਾਦੀ ਹਮਲਾ ਨਹੀਂ ਸੀ ਬਲਕਿ ਇਕ ਇਸ਼ਫਾਕ ਦੇ ਪੀਐਸਓ ਅਤੇ ਇੱਕ ਹੋਰ ਸੁਰੱਖਿਆ ਕਰਮਚਾਰੀ ਨੇ ਦਹਿਸ਼ਤਗਰਦ ਹਮਲੇ ਦੇ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਅਚਾਨਕ ਗੋਲੀਆਂ ਚਲਾ ਦਿੱਤੀਆਂ।
ਇਸ ਤੋਂ ਬਾਅਦ ਪੁਲਿਸ ਦੂਜੀ ਥਿਓਰੀ ਲੈ ਕੇ ਆਈ ਤੇ ਕਿਹਾ ਕਿ ਇਸ਼ਫਾਕ, ਬਸ਼ਰਤ ਅਤੇ ਉਨ੍ਹਾਂ ਦੇ ਪੀਐਸਓ ਨੇ ਮਿਲੀਭੁਗਤ ਵਿੱਚ ਅਤਿਵਾਦੀ ਹਮਲਾ ਹੋਣ ਦਾ ਨਾਟਕ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਤੇ ਦੋ ਪੀਏਓ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸਾਰਿਆਂ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਇਸ਼ਫਾਕ ਦੇ ਪਿਤਾ ਮੁਹੰਮਦ ਸ਼ਫੀ ਨੂੰ ਕੁਪਵਾੜਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਭਾਜਪਾ ਦੇ ਮੀਡੀਆ ਇੰਚਾਰਜ ਮਨਜੂਰ ਅਹਿਮਦ ਭੱਟ ਨੇ ਕਿਹਾ ਕਿ ਅਸੀਂ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸਦੀ ਜਾਂਚ 25 ਜੁਲਾਈ ਤੱਕ ਪੂਰੀ ਹੋ ਜਾਵੇਗੀ।