ਚੰਡੀਗੜ੍ਹ: ਭਾਰਜੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਦੀ ਲੀਡਰ ਸੁਨੀਤਾ ਸਿੰਘ ਗੌੜ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ ਹੈ। ਸੁਨੀਤਾ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਹਿੰਦੂ ਭਰਾਵਾਂ ਨੂੰ ਮੁਸਲਿਮ ਔਰਤਾਂ ਨਾਲ ਗੈਂਗਰੇਪ ਕਰਨ ਲਈ ਉਕਸਾਇਆ ਸੀ।


ਗੌੜ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ, "ਉਨ੍ਹਾਂ (ਮੁਸਲਮਾਨਾਂ) ਦਾ ਇੱਕੋ ਹੱਲ ਹੈ। ਹਿੰਦੂ ਭਰਾਵਾਂ ਨੂੰ 10-10 ਦੇ ਟੋਲੇ ਬਣਾਉਣੇ ਚਾਹੀਦੇ ਹਨ ਤੇ ਉਨ੍ਹਾਂ (ਮੁਸਲਮਾਨਾਂ) ਦੀਆਂ ਮਾਵਾਂ ਤੇ ਭੈਣਾਂ ਨਾਲ ਖੁੱਲ੍ਹੇਆਮ ਗਲ਼ੀਆਂ ਵਿੱਚ ਸਮੂਹਿਕ ਬਲਾਤਕਾਰ ਕਰਨ... ਤੇ ਫਿਰ ਉਨ੍ਹਾਂ ਨੂੰ ਬਾਜ਼ਾਰ ਵਿਚਾਲੇ ਟੰਗ ਦਿਓ ਤਾਂ ਕਿ ਹੋਰ ਦੇਖ ਸਕਣ।" ਮਹਿਲਾ ਆਗੂ ਨੇ ਇਹ ਵੀ ਦੱਸਿਆ ਕਿ ਜੇਕਰ ਅਸੀਂ ਭਾਰਤ ਦੀ ਰੱਖਿਆ ਕਰਨੀ ਹੈ ਤਾਂ ਹਿੰਦੂ ਮਰਦਾਂ ਨੂੰ ਮੁਸਲਿਮ ਔਰਤਾਂ ਨਾਲ ਲਾਜ਼ਮੀ ਤੌਰ 'ਤੇ ਬਲਾਤਕਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਨਹੀਂ ਹੈ।


ਕੁਝ ਹੀ ਸਮੇਂ ਵਿੱਚ ਸੁਨੀਤਾ ਗੌੜ ਦੀ ਪੋਸਟ ਖ਼ਿਲਾਫ਼ ਟਿੱਪਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਸਵਰਾ ਭਾਸਕਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਇਸ ਖ਼ਿਲਾਫ਼ ਬੀਜੇਪੀ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਨੂੰ ਸਵਾਲ ਕੀਤੇ। ਇਸ ਮਾਮਲੇ 'ਤੇ ਜਵਾਬ ਦਿੰਦਿਆਂ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵਿਜਯਾ ਰਾਹਤਕਰ ਨੇ ਕਿਹਾ ਕਿ ਅਜਿਹੀ ਨਫ਼ਰਤੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਸ ਔਰਤ ਨੂੰ ਪਹਿਲਾਂ ਹੀ ਪਾਰਟੀ ਵਿੱਚੋਂ ਕੱਢਿਆ ਜਾ ਚੁੱਕਿਆ ਹੈ। ਗੌੜ ਦੀ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਹੈ।