ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬੀਜੇਪੀ ਵਿਧਾਇਕ ਸੰਗੀਤ ਸੋਮ ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲੱਗੇ ਹਨ। ਇੱਕ ਠੇਕੇਦਾਰ ਨੇ ਸੋਮ ਉੱਪਰ ਠੇਕਾ ਦਵਾਉਣ ਬਦਲੇ 43 ਲੱਖ ਰੁਪਏ ਹੜੱਪਣ ਦਾ ਦੋਸ਼ ਲਾਇਆ ਹੈ। ਸੰਜੇ ਪ੍ਰਧਾਨ ਨਾਂ ਦੇ ਠੇਕੇਦਾਰ ਦਾ ਕਹਿਣਾ ਹੈ ਕਿ ਵਿਧਾਇਕ ਨੇ 43 ਹਜ਼ਾਰ ਰੁਪਏ ਲੈਣ ਦੇ ਬਾਵਜੂਦ ਉਸ ਨੂੰ ਠੇਕਾ ਨਹੀਂ ਦਵਾਇਆ ਤੇ ਨਾ ਹੀ ਉਸ ਦੀ ਰਕਮ ਮੋੜੀ ਹੈ।

ਮੇਰਠ ਦੇ ਘਾਟ ਪਿੰਡ ਦੇ ਸੰਜੇ ਪ੍ਰਧਾਨ ਨੇ ਵਿਧਾਇਕ ਸੰਗੀਤ ਸੋਮ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਾਈ ਹੈ। ਠੇਕੇਦਾਰ ਨੇ ਦੱਸਿਆ ਕਿ ਉਹ ਪੀਡਬਲਿਊਡੀ ਤੇ ਹੋਰ ਵਿਭਾਗਾਂ 'ਚ ਠੇਕੇਦਾਰੀ ਦਾ ਕੰਮ ਕਰਦਾ ਹੈ। ਉਸ ਮੁਤਾਬਕ ਮੇਰਠ ਦੇ ਦਾਦਰੀ 'ਚ ਸਰਕਾਰੀ ਕਾਲਜ ਬਣਾਉਣ ਦਾ ਠੇਕਾ ਦਿਵਾਉਣ ਲਈ ਵਿਧਾਇਕ ਨੇ ਸੰਜੇ ਤੋਂ 43 ਲੱਖ ਰੁਪਏ ਦੀ ਮੰਗ ਕੀਤੀ ਸੀ।

ਠੇਕੇਦਾਰ ਨੇ ਦੱਸਿਆ ਕਿ ਇਹ ਰਕਮ ਉਸ ਨੇ ਵਿਧਾਇਕ ਸੰਗੀਤ ਸੋਮ ਨੂੰ ਤਿੰਨ ਕਿਸ਼ਤਾਂ 'ਚ ਦਿੱਤੀ ਸੀ ਪਰ ਜਦੋਂ ਠੇਕਾ ਨਾ ਮਿਲਣ 'ਤੇ ਠੇਕੇਦਾਰ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਵਿਧਾਇਕ ਦੇ ਗੁੰਡਿਆਂ ਦੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਜਿਸ ਦੇ ਮੱਦੇਨਜ਼ਰ ਇਸ ਮਾਮਲੇ ਦੀ ਜਾਂਚ ਖੁਦ ਐਸਪੀ ਰਾਜੇਸ਼ ਕੁਮਾਰ ਕਰਨਗੇ।

ਵਿਧਾਇਕ ਸੰਗੀਤ ਸੋਮ ਦੀ ਇਸ ਮਾਮਲੇ 'ਤੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਆਈ। ਦੱਸ ਦਈਏ ਕਿ ਸੰਗੀਤ ਸੋਮ 'ਤੇ ਅਜਿਹੇ ਇਲਜ਼ਾਮ ਪਹਿਲੀ ਵਾਰ ਨਹੀਂ ਲੱਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਟ ਭੱਠਾ ਕਾਰੋਬਾਰੀ ਸਾਥੀ ਨੇ ਉਨ੍ਹਾਂ ਤੇ 18 ਲੱਖ ਰੁਪਏ ਹੜੱਪਣ ਦਾ ਦੋਸ਼ ਲਾਇਆ ਸੀ।