ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵੱਡੇ ਫੈਸਲਿਆਂ ਕਰਕੇ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਇਹ ਵੀ ਸੱਚ ਹੈ ਕਿ ਉਹ ਆਪਣੀ ਅਲੋਚਨਾ ਦੀ ਬਹੁਤੀ ਪਰਵਾਹ ਵੀ ਨਹੀਂ ਕਰਦੇ ਤੇ ਥੋੜ੍ਹੇ ਸਮੇਂ ਬਾਅਦ ਹੋਰ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੰਦੇ ਹਨ। ਮੋਦੀ ਦਾ ਇੱਕ ਫੈਸਲਾ ਕਰ ਸੁਧਾਰਾਂ ਤਹਿਤ ਜੀਐਸਟੀ ਲਾਗੂ ਕਰਨਾ ਹੈ। ਕਾਂਗਰਸੀ ਲੀਡਰ ਇਸ ਨੂੰ ਗੱਭਰ ਸਿੰਘ ਟੈਕਸ ਦਾ ਨਾਂ ਦਿੰਦੇ ਹਨ ਪਰ ਬੀਜੇਪੀ ਲੀਡਰ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਇਸ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਕਰਾਰ ਦਿੱਤਾ ਹੈ।


ਸੁਬਰਾਮਨੀਅਮ ਸਵਾਮੀ ਖੁਦ ਅਰਥਸ਼ਾਸ਼ਤਰੀ ਹਨ। ਇਸ ਲਈ ਉਨ੍ਹਾਂ ਦਾ ਬਿਆਨ ਵੱਡੇ ਅਰਥ ਰੱਖਦੇ ਹਨ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਆਮਦਨ ਕਰ ਤੇ ਜੀਐਸਟੀ ਨਾਲ ਡਰਾਉਣਾ ਬੰਦ ਕੀਤਾ ਜਾਵੇ, ਇਹ ਜੀਐਸਟੀ ਬਹੁਤ ਵੱਡਾ ਪਾਗਲਪਨ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਅਗਲੇ ਦਸ ਸਾਲ 10 ਫ਼ੀਸਦ ਦੀ ਵਿਕਾਸ ਦਰ ਫੜੇ ਤਾਂ ਚੀਨ ਤੋਂ ਅੱਗੇ ਲੰਘ ਜਾਵੇਗਾ ਤੇ ਨੰਬਰ ਇੱਕ ’ਤੇ ਬੈਠੇ ਅਮਰੀਕਾ ਲਈ ਚੁਣੌਤੀ ਪੇਸ਼ ਕਰੇਗਾ।

ਸਵਾਮੀ ਨੇ ਕਿਹਾ ਕਿ ਮੁਸ਼ਕਲ ਇਹ ਹੈ ਕਿ ਲੋਕਾਂ ਕੋਲ ਖ਼ਰਚਣ ਲਈ ਪੈਸੇ ਹੀ ਨਹੀਂ ਹਨ, ਇਸ ਕਾਰਨ ਮੰਗ ਘਟੀ ਹੈ। ਆਰਥਿਕ ਚੱਕਾ ਵੀ ਜਾਮ ਹੋ ਕੇ ਚੱਲ ਰਿਹਾ ਹੈ। ਸਵਾਮੀ ਨੇ ਸਪੱਸ਼ਟ ਕਿਹਾ ਕਿ ਜੇ 10 ਫ਼ੀਸਦ ਦੀ ਦਰ ਹਾਸਲ ਕਰਨੀ ਹੈ ਤਾਂ ਜੀਡੀਪੀ ’ਚ ਨਿਵੇਸ਼ ਦਰ 37 ਫ਼ੀਸਦ ਹੋਣੀ ਚਾਹੀਦੀ ਹੈ। ਆਰਥਿਕ ਭਾਸ਼ਾ ’ਚ ‘ਐਫੀਸ਼ਿਐਂਸੀ ਫੈਕਟਰ’ 3.7 ਫ਼ੀਸਦ ਚਾਹੀਦਾ ਹੈ ਜੋ ਕਿ ਹੁਣ ਪੰਜ ਹੈ।

ਸਵਾਮੀ ਨੇ ਕਿਹਾ ਕਿ ਜੀਐਸਟੀ ਐਨਾ ਗੁੰਝਲਦਾਰ ਹੈ ਕਿ ਸਮਝ ਨਹੀਂ ਆਉਂਦਾ ਕਿਹੜਾ ਫਾਰਮ ਕਿੱਥੇ ਭਰਨਾ ਹੈ। ਉਹ ਚਾਹੁੰਦੇ ਹਨ ਕਿ ਇਸ ਨੂੰ ਕੰਪਿਊਟਰ ਰਾਹੀਂ ਅਪਲੋਡ ਕੀਤਾ ਜਾਵੇ ਜੇ ਕੋਈ ਰਾਜਸਥਾਨ ਦੇ ਬਾੜਮੇਰ ਤੋਂ ਹੋਵੇ, ਉਹ ਕਹਿੰਦੇ ਹਨ ਕਿ ਬਿਜਲੀ ਨਹੀਂ ਹੈ, ਕਿਵੇਂ ਅਪਲੋਡ ਕਰੀਏ? ਮੈਂ ਕਹਿੰਦਾ ਹੈ ਕਿ ਇਸ ਨੂੰ ਸਿਰ ’ਤੇ ਅਪਲੋਡ ਕਰ ਕੇ ਪ੍ਰਧਾਨ ਮੰਤਰੀ ਕੋਲ ਚਲੇ ਜਾਓ ਤੇ ਜਾ ਕੇ ਦੱਸੋ।’