ਸੀਆਈਏ ਦੇ ਖੁਲਾਸੇ ਤੋਂ ਬਾਅਦ ਆਰਐਸਐਸ ਤੇ ਬੀਜੇਪੀ ਨੇ ਜੋੜੇ ਸਿਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ਤੇ ਬੀਜੇਪੀ ਤੇ ਆਰਐਸਐਸ ਦੇ ਉੱਚ ਅਧਿਕਾਰੀਆਂ ਨੂੰ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ। ਇਸ 'ਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਸੰਘ ਦੇ ਕਾਰਜਕਾਰੀ ਮੁਖੀ ਸੁਰੇਸ਼ ਭੈਆਜੀ ਦੋਸ਼ੀ ਵੀ ਸ਼ਰੀਕ ਹੋਏ। ਖਾਸ ਗੱਲ ਇਹ ਹੈ ਕਿ ਇਹ ਰਾਤਰੀ ਭੋਜ ਉਸ ਸਮੇਂ ਕਰਵਾਇਆ ਗਿਆ, ਜਦੋਂ ਅਮਰੀਕੀ ਏਜੰਸੀ ਵੱਲੋਂ ਹਿੰਦੂ ਸੰਗਠਨਾਂ ਨੂੰ ਦਹਿਸ਼ਤਗਰਦੀ ਐਲਾਨ ਦਿੱਤਾ ਸੀ। ਹਾਲਾਂਕਿ, ਬੀਜੇਪੀ ਤੇ ਆਰਐਸਐਸ ਦੇ ਕਿਸੇ ਇਸ ਮਿਲਣੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੰਘ ਦੇ ਕਰੀਬ 60 ਅਧਿਕਾਰੀ ਤਿੰਨ ਦਿਨਾਂ ਬੈਠਕ 'ਚ ਹਿੱਸਾ ਲੈਣ ਲਈ ਹਰਿਆਣਾ ਦੇ ਸੂਰਜ ਕੁੰਡ ਪਹੁੰਚੇ ਹਨ ਜਿਸ ਵਿਚ ਦੇਸ਼ ਚ ਕੀਤੇ ਗਏ ਕੰਮਾਂ ਦਾ ਜਾਇਜ਼ਾ ਲਿਆ ਜਾਵੇਗਾ ਤੇ ਭਵਿੱਖ ਲਈ ਇਕ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਹਿੰਦੂ ਸੰਗਠਨਾਂ ਦਰਮਿਆਨ ਮਜ਼ਬੂਤ ਤਾਲਮੇਲ ਕਾਇਮ ਕਰਨ ਦੇ ਤਰੀਕਿਆਂ ਤੇ ਵੀ ਵਿਚਾਰ ਕੀਤੀ ਜਾਵੇਗੀ।
ਸੰਘ ਦਾ ਇਹ ਸਲਾਨਾ ਸੂਰਜਕੁੰਡ ਸੰਮੇਲਨ ਕੱਲ੍ਹ ਤੋਂ ਸ਼ੁਰੂ ਹੋਇਆ ਹੈ। ਇਸ ਵਿਚ ਆਰਐਸਐਸ ਤੋਂ ਇਲਾਵਾ ਸੰਘ ਦੇ ਕਈ ਹੋਰ ਹਿੰਦੂ ਸੰਗਠਨ ਹਿੱਸਾ ਲੈ ਰਹੇ ਹਨ। ਇਸ ਵਾਰ ਦਾ ਇਹ ਸੰਮੇਲਨ ਇਸ ਲਈ ਵੀ ਖਾਸ ਹੈ ਕਿਉਂਕਿ ਸਾਲ 2019 'ਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ।
ਦੱਸ ਦਈਏ ਕਿ ਬੀਤੇ ਕੱਲ੍ਹ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਨੇ ਭਾਰਤ ‘ਚ ਮੁੱਖ ਹਿੰਦੂ ਸੰਗਠਨਾਂ ਨੂੰ ‘ਦਹਿਸ਼ਤਗਰਦੀ ਧਾਰਮਿਕ ਸੰਗਠਨ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੀਆਈਏ ਦੀ ਇਸ ਰਿਪੋਰਟ ‘ਚ ਇਨ੍ਹਾਂ ਹਿੰਦੂ ਸੰਗਠਨਾਂ ਨੂੰ ਸਿਆਸੀ ਦਬਾਅ ਬਣਾਉਣ ਵਾਲੇ ਗਰੁੱਪ ਤੇ ਲੀਡਰ ਦੀ ਸ਼੍ਰੇਣੀ ਹੇਠ ਦਰਜ ਕੀਤਾ ਗਿਆ ਹੈ। ਸੀਆਈਏ ਮੁਤਾਬਕ ਇਹ ਸੰਗਠਨ ਚੋਣ ਨਹੀਂ ਲੜਦੇ ਪਰ ਰਾਜਨੀਤਿਕ ਦਬਾਅ ਬਣਾਉਣ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਹਿੰਦੂ ਸੰਗਠਨਾਂ ਵੱਲੋਂ ਸੀਆਈਏ ਦੀ ਇਸ ਰਿਪੋਰਟ ਤੇ ਸਖ਼ਤ ਇਤਰਾਜ਼ ਜਤਾਇਆ ਗਿਆ ਸੀ।