ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਮੋਦੀ ਸਰਕਾਰ 'ਤੇ ਇੱਕ ਵਾਰ ਫਿਰ ਵੱਡਾ ਹਮਲਾ ਕੀਤਾ ਹੈ। ਪਹਿਲਾਂ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਨ ਵਾਲੇ ਸਵਾਮੀ ਨੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪਾਕਿਸਤਾਨ ਮਸਲੇ 'ਤੇ ਸਿੱਧਾ ਹਮਲਾ ਕੀਤਾ ਹੈ। ਪਾਕਿਸਤਾਨ ਨਾਲ ਵਪਾਰ ਬਹਾਲੀ ਕਰਨ ਦੀ ਅਟਕਲਾਂ 'ਤੇ ਸਵਾਮੀ ਨੇ ਆਪਣੇ ਟਵਿੱਟਰ ਪੇਜ਼ 'ਤੇ ਲਿਖਿਆ ਕਿ ਮੋਦੀ ਸਰਕਾਰ ਨੇ ਕਸ਼ਮੀਰ 'ਤੇ ਪਾਕਿਸਤਾਨ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।

ਉਨ੍ਹਾਂ ਨੇ ਵਿਅੰਗਾਤਮਕ ਤਰੀਕੇ ਨਾਲ ਲਿਖਿਆ ਕਿ ਆਉਣ ਵਾਲੇ ਦਿਨਾਂ 'ਚ ਇਹ ਸੰਭਾਵਨਾ ਹੈ ਕਿ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨਾਲ ਲੰਦਨ 'ਚ ਡਿਨਰ ਕਰਦੇ ਨਜ਼ਰ ਆਉਣਗੇ।

'ਕਸ਼ਮੀਰ 'ਤੇ ਸਰੈਂਡਰ, ਇਮਰਾਨ ਨਾਲ ਡਿਨਰ'
ਸਵਾਮੀ ਪਿਛਲੇ ਕੁਝ ਦਿਨਾਂ ਤੋਂ ਮੋਦੀ ਸਰਕਾਰ 'ਤੇ ਲਗਾਤਾਰ ਹਮਲਾਵਰ ਹਨ। ਇਸੇ ਲੜੀ 'ਚ ਸਵਾਮੀ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਨਾਲ ਵਪਾਰ ਬਹਾਲ ਹੋਣ ਦੀ ਸੰਭਾਵਨਾ ਵਾਲੀ ਖ਼ਬਰ ਨੂੰ ਟਵੀਟ ਕਰਕੇ ਲਿਖਿਆ, "ਕਸ਼ਮੀਰ 'ਤੇ ਸਰੈਂਡਰ, ਗੁਡ ਬਾਏ Pok. ਮੈਨੂੰ ਪੂਰਾ ਭਰੋਸਾ ਹੈ ਕਿ ਛੇਤੀ ਹੀ ਮੋਦੀ ਲੰਦਨ 'ਚ ਇਮਰਾਨ ਨਾਲ ਡਿਨਰ ਕਰਨਗੇ।"

ਪਾਕਿਸਤਾਨ 'ਚ ਅੱਜ ਮੀਟਿੰਗ, ਭਾਰਤ ਨੇ ਵੀ ਸੰਕੇਤ ਦਿੱਤੇ
ਦਰਅਸਲ, ਅੱਜ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਲੈ ਕੇ ਪਾਕਿਸਤਾਨ 'ਚ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ ਭਾਰਤ ਨਾਲ ਵਪਾਰ ਸਬੰਧੀ ਵੀ ਇਕ ਮਹੱਤਵਪੂਰਨ ਫ਼ੈਸਲਾ ਲਿਆ ਜਾ ਸਕਦਾ ਹੈ। ਪਿਛਲੇ 2 ਸਾਲਾਂ ਤੋਂ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧ ਬੰਦ ਹਨ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਬਹਾਲ ਕਰਨ ਦੀ ਤਜਵੀਜ਼ ਅੱਗੇ ਰੱਖ ਦਿੱਤੀ ਹੈ।

ਪਿਛਲੇ ਹਫ਼ਤੇ ਵਣਜ ਉਦਯੋਗ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੋਕ ਸਭਾ 'ਚ ਕਿਹਾ ਸੀ ਕਿ ਭਾਰਤ ਸਧਾਰਣ ਸਬੰਧਾਂ ਦੀ ਇੱਛਾ ਰੱਖਦਾ ਹੈ, ਜਿਸ 'ਚ ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਨਾਲ ਵਪਾਰ ਸ਼ਾਮਲ ਹੈ। ਪਾਕਿਸਤਾਨ ਨੇ ਅਗਸਤ 2019 'ਚ ਇਕਪਾਸੜ ਭਾਰਤ ਨਾਲ ਦੁਵੱਲੇ ਵਪਾਰ ਨੂੰ ਮੁਅੱਤਲ ਕਰ ਦਿੱਤਾ ਸੀ। ਹੁਣ ਪਾਕਿਸਤਾਨ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਇਕਪਾਸੜ ਫ਼ੈਸਲੇ ਦੀ ਸਮੀਖਿਆ ਕਰੇ।

ਪੀਐਮ ਮੋਦੀ ਨੇ ਇਮਰਾਨ ਨੂੰ ਲਿਖੀ ਸੀ ਚਿੱਠੀ
ਪਾਕਿਸਤਾਨ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਚਿੱਠੀ ਲਿਖ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵਧਾਈ ਦਿੱਤੀ ਸੀ। ਇਸ ਦੇ ਜਵਾਬ 'ਚ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਚਿੱਠੀ ਲਿਖੀ ਸੀ, ਜਿਸ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਮੁੱਦੇ ਸਮੇਤ ਦੋਵਾਂ ਦੇਸ਼ਾਂ ਵਿਚਾਲੇ ਲਟਕ ਰਹੇ ਸਾਰੇ ਮਸਲਿਆਂ ਦੇ ਹੱਲ ਲਈ ਸਾਰਥਕ ਨਤੀਜੇ ਦੇਣ ਲਈ ਗੱਲਬਾਤ ਲਈ ਢੁੱਕਵਾਂ ਮਾਹੌਲ ਬਣਾਉਣਾ ਜ਼ਰੂਰੀ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ