ਕੋਰੋਨਾ ਦੇ ਨਾਲ ਹੀ ‘ਬਲੈਕ ਫ਼ੰਗਸ’ ਦਾ ਹਮਲਾ, ਪੰਜਾਬ, ਹਰਿਆਣਾ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ’ਚ ਕਹਿਰ
ਹਰਿਆਣਾ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ‘ਬਲੈਕ ਫ਼ੰਗਸ’ ਕਹਿਰ ਵਰਤਾ ਰਿਹਾ ਹੈ। ਪੰਡਤ ਭਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਰੋਹਤਕ ’ਚ ਸਤੰਬਰ 2020 ਤੋਂ ਅਪ੍ਰੈਲ 2021 ਤੱਕ ਅੱਠ ਮਹੀਨਿਆਂ ’ਚ ਜਿੱਥੇ ਇਸ ਰੋਗ ਦੇ 21 ਮਾਮਲੇ ਆਏ ਸਨ, ਉੱਥੇ ਮਈ ਮਹੀਨੇ ਛੇ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਨਵੀਂ ਦਿੱਲੀ: ਪੰਜਾਬ, ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਜਿਹੇ ਰਾਜਾਂ ’ਚ ਕੋਰੋਨਾ ਮਹਾਮਾਰੀ ਦੌਰਾਨ ‘ਬਲੈਕ ਫ਼ੰਗਸ’ (ਮਿਊਕਰਮਾਇਕੌਸਿਸ) ਦਾ ਕਹਿਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਲੁਧਿਆਣਾ ’ਚ 20 ਤੋਂ ਵੱਧ ਵਿਅਕਤੀ ‘ਬਲੈਕ ਫ਼ੰਗਸ’ ਦੀ ਲਪੇਟ ’ਚ ਆ ਚੁੱਕੇ ਹਨ ਤੇ ਉਨ੍ਹਾਂ ਦਾ ਡੀਐਮਸੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਅਜਿਹੇ ਜ਼ਿਆਦਾਤਰ ਮਰੀਜ਼ਾਂ ਦੀ ਉਮਰ 40 ਤੋਂ 65 ਸਾਲਾਂ ਦੇ ਵਿਚਕਾਰ ਹੈ।
ਹਰਿਆਣਾ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ‘ਬਲੈਕ ਫ਼ੰਗਸ’ ਕਹਿਰ ਵਰਤਾ ਰਿਹਾ ਹੈ। ਪੰਡਤ ਭਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਰੋਹਤਕ ’ਚ ਸਤੰਬਰ 2020 ਤੋਂ ਅਪ੍ਰੈਲ 2021 ਤੱਕ ਅੱਠ ਮਹੀਨਿਆਂ ’ਚ ਜਿੱਥੇ ਇਸ ਰੋਗ ਦੇ 21 ਮਾਮਲੇ ਆਏ ਸਨ, ਉੱਥੇ ਮਈ ਮਹੀਨੇ ਛੇ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸਾਰੇ ਮਰੀਜ਼ਾਂ ਦਾ ਆਪਰੇਸ਼ਨ ਹੋਣਾ ਹੈ। ਇੱਕ ਗੰਭੀਰ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ ’ਚ 14, ਫ਼ਰੀਦਾਬਾਦ ’ਚ ਛੇ, ਕਰਨਾਲ ’ਚ ਦੋ ਤੇ ਫ਼ਤੇਹਾਬਾਦ ਤੇ ਝੱਜਰ ’ਚ ਇੱਕ-ਇੱਕ ਕੇਸ ਮਿਲੇ ਹਨ।
ਛੱਤੀਸਗੜ੍ਹ ’ਚ ਰਾਏਪੁਰ ਦੇ ਚਾਰ ਹਸਪਤਾਲਾਂ ’ਚ 30 ਤੋਂ ਵੱਧ ਮਰੀਜ਼ ਮਿਲੇ ਹਨ। ਉੱਧਰ ਰਾਮਕ੍ਰਿਸ਼ਨ ਹਸਪਤਾਲ ’ਚ ਕੋਰੋਨਾ ਤੋਂ ਬਾਅਦ ਬਲੈਕ ਫ਼ੰਗਸ ਕਾਰਣ ਰਾਏਪੁਰ ਨਿਵਾਸੀ 40 ਸਾਲਾ ਇੱਕ ਔਰਤ ਦੀ ਅੱਖਾਂ ਦੀ ਜੋਤ ਚਲੀ ਗਈ ਹੈ। ਛੱਤੀਸਗੜ੍ਹ ਸਰਕਾਰ ਨੇ ‘ਬਲੈਕ ਫ਼ੰਗਸ’ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਅਲਰਟ ਜਾਰੀ ਕਰ ਦਿੱਤਾ ਹੈ। ਦਵਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਉੱਤੇ ਬੀਮਾਰੀ ’ਚ ਕਾਰਗਰ ਦਵਾਈ ਪੋਸਾਕੋਨਾਜ਼ੋਲ, ਐਂਪ੍ਰੋਟੇਰੇਸਿਨ-ਬੀ ਨੂੰ ਜ਼ਰੂਰੀ ਦਵਾਈਆਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ਦਵਾਈਆਂ ਦੀ ਪਹਿਲਾਂ ਵਧੇਰੇ ਵਰਤੋਂ ਨਾ ਹੋਣ ਕਾਰਣ ਇਹ ਦਵਾਈਆਂ ਥੋਕ ਬਾਜ਼ਾਰ ’ਚ ਉਪਲਬਧ ਨਹੀਂ ਹਨ।
ਮੱਧ ਪ੍ਰਦੇਸ਼ ਦੇ ਇੰਦੌਰ ’ਚ ਚਾਰ ਅਤੇ ਨਰਸਿੰਘਪੁਰ ਵਿੱਚ ਇੱਕ ਮਰੀਜ਼ ਦੀ ਮੌਤ ਇਸ ਬੀਮਾਰੀ ਕਾਰਣ ਹੋਣ ਦੀ ਪੁਸ਼ਟੀ ਹੋਈ ਹੈ। ਨਰਸਿੰਘਪੁਰ ਜ਼ਿਲ੍ਹੇ ’ਚ ਹੁਣ ਤੱਕ ਪੰਜ ਮਰੀਜ਼ਾਂ ਵਿੱਚ ਇਸ ਬੀਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ। ਇੱਕ ਮਰੀਜ਼ ਦੀ ਅੱਖ ਕੱਢਣੀ ਪਈ। ਉਸ ਦਾ ਆਪਰੇਸ਼ਨ ਜੱਬਲਪੁਰ ’ਚ ਹੋਇਆ, ਜਦ ਕਿ ਇੱਕ ਮਰੀਜ਼ ਦੀ 10 ਮਈ ਨੂੰ ਮੌਤ ਹੋ ਚੁੱਕੀ ਹੈ। ਸੀਵਨੀ ’ਚ ਵੀ ਇੱਕ ਮਰੀਜ਼ ਮਿਲਿਆ ਹੈ।
ਬੁੱਧਵਾਰ ਨੂੰ ਰਾਜ ਸਰਕਾਰ ਨੇ ਵੀ 50 ਵਿਅਕਤੀਆਂ ’ਚ ਇਸ ਬੀਮਾਰੀ ਦੀ ਪੁਸ਼ਟੀ ਹੋਈ। ਬਲੈਕ ਫ਼ੰਗਲ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਤੋਂ ਡਾਕਟਰ ਵੀ ਹੈਰਾਨ ਹਨ। ਇੰਦੌਰ ਦੇ ਬੌਂਬੇ ਹਸਪਤਾਲ ਦੇ ਨਿਊਰੋ ਫ਼ਿਜ਼ੀਸ਼ੀਅਨ ਡਾ. ਆਲੋਕ ਮਾਂਦਲੀਆ ਅਨੁਸਾਰ ਇੱਕ ਮਹੀਨੇ ’ਚ ਉਨ੍ਹਾਂ ਦੇ ਹਸਪਤਾਲ ਵਿੱਚ ‘ਬਲੈਕ ਫ਼ੰਗਸ’ ਦੇ 75 ਤੋਂ 80 ਮਰੀਜ਼ ਭਰਤੀ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 20 ਨੂੰ ਤੰਦਰੁਸਤ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਤੇ ਹਾਲੇ 50 ਵਿਅਕਤੀਆਂ ਦਾ ਇਲਾਜ ਜਾਰੀ ਹੈ।