PM ਮੋਦੀ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਅੱਜ ਮੁਲਾਕਾਤ, ਰੂਸ-ਯੂਕਰੇਨ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ। ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵਿਚਾਲੇ ਮੁਲਾਕਾਤ ਹੋਣ ਜਾ ਰਹੀ ਹੈ।
ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ। ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵਿਚਾਲੇ ਮੁਲਾਕਾਤ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬੁੱਧਵਾਰ ਰਾਤ ਨੂੰ ਅਹਿਮਦਾਬਾਦ ਤੋਂ ਦਿੱਲੀ ਪਹੁੰਚੇ ਸਨ। ਨਵੀਂ ਦਿੱਲੀ ਹਵਾਈ ਅੱਡੇ 'ਤੇ ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ।
ਪੀਐਮ ਮੋਦੀ ਤੇ ਪ੍ਰਧਾਨ ਮੰਤਰੀ ਜੌਹਨਸਨ ਵਿਚਾਲੇ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿਚਾਲੇ ਹੋਣ ਵਾਲੀ ਬੈਠਕ 'ਚ ਜਿਨ੍ਹਾਂ ਖਾਸ ਮੁੱਦਿਆਂ 'ਤੇ ਚਰਚਾ ਹੋਵੇਗੀ, ਉਨ੍ਹਾਂ ਵਿੱਚ ਭਾਰਤ-ਪ੍ਰਸ਼ਾਂਤ ਖੇਤਰ ਦੀ ਸਥਿਤੀ ਪ੍ਰਮੁੱਖ ਹੈ।
ਪੀਐਮ ਮੋਦੀ ਅਤੇ ਪ੍ਰਧਾਨ ਮੰਤਰੀ ਜੌਹਨਸਨ ਵਿਚਾਲੇ ਰੂਸ-ਯੂਕਰੇਨ ਯੁੱਧ 'ਤੇ ਵੀ ਚਰਚਾ ਹੋਵੇਗੀ। ਬੋਰਿਸ ਜੌਹਨਸਨ ਨੇ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ 'ਤੇ ਭਾਰਤ ਦੀ ਪ੍ਰਤੀਕਿਰਿਆ 'ਤੇ ਆਪਣੀ ਰਾਏ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਯੂਕਰੇਨ ਵਿੱਚ ਚੱਲ ਰਹੀ ਨਸਲਕੁਸ਼ੀ ਬਾਰੇ ਆਪਣੀ ਆਵਾਜ਼ ਉਠਾ ਚੁੱਕਾ ਹੈ। ਅਸੀਂ ਜਾਣਦੇ ਹਾਂ ਕਿ ਭਾਰਤ ਨੇ ਬੁਕਾ ਵਿੱਚ ਰੂਸੀ ਫੌਜ ਦੇ ਅੱਤਿਆਚਾਰਾਂ ਦੀ ਸਖ਼ਤ ਨਿੰਦਾ ਕੀਤੀ ਹੈ।
ਬ੍ਰਿਟੇਨ ਨੂੰ ਭਾਰਤ ਦਾ ਪ੍ਰਮੁੱਖ ਵਪਾਰਕ ਭਾਈਵਾਲ ਬਣਾਉਣ ਦੇ ਟੀਚੇ ਨਾਲ ਜੌਹਨਸਨ ਰੱਖਿਆ, ਊਰਜਾ ਤੇ ਸਮੁੰਦਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਆਪਣੀ ਤਰਫੋਂ ਕਈ ਪ੍ਰਸਤਾਵ ਪੇਸ਼ ਕਰਨਗੇ। ਮੁਕਤ ਵਪਾਰ ਦੇ ਰਾਹ 'ਤੇ ਅੱਗੇ ਵਧਣ ਦੀ ਗੱਲ ਵੀ ਹੋਵੇਗੀ, ਜਦਕਿ ਭਾਰਤ ਭਗੌੜੇ ਵਿਜੇ ਮਾਲਿਆ, ਨੀਰਵ ਮੋਦੀ ਦੀ ਹਵਾਲਗੀ ਦਾ ਰਾਹ ਆਸਾਨ ਕਰਨ 'ਤੇ ਜ਼ੋਰ ਦੇਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਅਹਿਮਦਾਬਾਦ 'ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਗਾਂਧੀਨਗਰ 'ਚ ਅਕਸ਼ਰਧਾਮ ਮੰਦਰ ਦਾ ਦੌਰਾ ਕੀਤਾ ਤੇ ਗੁਜਰਾਤ ਬਾਇਓਟੈਕਨਾਲੋਜੀ ਯੂਨੀਵਰਸਿਟੀ 'ਚ ਇਕ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸੀ।
ਇਹ ਵੀ ਪੜ੍ਹੋ : ਰਾਜਾ ਵੜਿੰਗ ਅੱਜ ਸੰਭਾਲ ਰਹੇ ਕਾਂਗਰਸ ਦੀ ਕਮਾਨ, ਤਾਜਪੋਸ਼ੀ' ਸਮਾਗਮ 'ਚ ਪਹੁੰਚੇ ਕਈ ਦਿੱਗਜ ਆਗੂ