ਅੰਮ੍ਰਿਤਸਰ: ਪਾਕਿਸਤਾਨੀ ਨਸ਼ਾ ਤਸਕਰ ਨਵੇਂ-ਨਵੇਂ ਤਰੀਕਿਆਂ ਨਾਲ ਭਾਰਤ ਵਿੱਚ ਨਸ਼ਾ ਭੇਜਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਾਰ ਪਾਕਿਸਤਾਨੀ ਤਸਕਰਾਂ ਨੇ ਟਰੈਕਟਰ ਵਿੱਚ ਹੈਰੋਇਨ ਲੁਕਾ ਕੇ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਸਾਢੇ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀਐਸਐਫ ਤੇ ਐਨਸੀਬੀ ਨੇ ਸਾਂਢੇ ਆਪਰੇਸ਼ਨ ਦੌਰਾਨ ਸ਼ਹਿਰ ਦੇ ਬੀਓਪੀ ਕੱਕੜ ਤੋਂ 2 ਕਿੱਲੋ 400 ਗਰਾਮ ਹੌਰੋਇਨ ਬਰਾਮਦ ਕੀਤੀ ਹੈ।


ਬੀਐਸਐਫ ਅਧਿਕਾਰੀ ਆਰਸੀ ਸ਼ਰਮਾ ਮੁਤਾਬਕ ਟਰੈਕਟਰ ਦੇ ਪਿੱਛੇ ਲੱਗੀ ਹੋਈ ਲਿਫਟ ਨੂੰ ਖਾਲੀ ਕਰਕੇ ਉਸ ਵਿੱਚ ਚਿੱਟਾ ਰੱਖਿਆ ਹੋਇਆ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਏ। ਬੀਐਸਐਫ ਨੇ ਜਦੋਂ ਸ਼ੱਕ ਦੇ ਆਧਾਰ ’ਤੇ ਜਦੋਂ ਟਰੈਕਟਰ ਦੀ ਜਾਂਚ ਕੀਤੀ ਤਾਂ ਉਸ ਦੇ ਅੰਦਰੋਂ ਦੋ ਕਿੱਲੋ 400 ਗਰਾਮ ਹੈਰੋਇਨ ਬਰਾਮਦ ਹੋਈ।

ਇਸ ਤੋਂ ਪਹਿਲਾਂ ਪਾਕਿਸਤਾਨੀ ਤਸਕਰਾਂ ਨੇ ਭਾਰਤ ਨਸ਼ਾ ਭੇਜਣ ਲਈ ਪਾਣੀ ਦੀ ਬੋਤਲ ਦਾ ਸਹਾਰਾ ਲਿਆ ਸੀ। ਉਨ੍ਹਾਂ ਬੋਤਲ ਵਿੱਚ ਹੈਰੋਇਨ ਭਰ ਕੇ ਬੋਤਲ ਭਾਰਤ ਵੱਲ ਸੁੱਟ ਦਿੱਤੀ ਸੀ ਪਰ ਬੀਐਸਐਫ ਜਵਾਨਾਂ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ’ਤੇ ਵੀ ਪਾਣੀ ਫੇਰ ਦਿੱਤਾ ਸੀ।