ਨਵੀਂ ਦਿੱਲੀ: ਮੋਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਆਪਣਾ ਅੰਤ੍ਰਿਮ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿੱਚ ਕਿਸਾਨਾਂ ਤੋਂ ਲੈਕੇ ਨੌਕਰੀਸ਼ੁਦਾ ਮੱਧ ਵਰਗ ਲਈ ਖ਼ਾਸ ਆਕਰਸ਼ਣ ਰਿਹਾ। ਪਰ ਕੀ ਤੁਸੀਂ ਜਾਣਦੇ ਹੋ ਕਿ ਬਜਟ ਵਿੱਚ ਐਲਾਨੀਆਂ ਗਈਆਂ ਵੱਡੀਆਂ ਵੱਡੀਆਂ ਰਕਮਾਂ ਕਿੱਥੋਂ ਤੇ ਕਿਵੇਂ ਆਉਂਦੀਆਂ ਹਨ ? ਆਓ ਸਮਝੋ-

ਸਰਕਾਰ ਦੇ ਖ਼ਜ਼ਾਨੇ ਵਿੱਚ ਆਉਣ ਵਾਲੇ ਹਰ ਰੁਪਏ ਵਿੱਚੋਂ 70 ਪੈਸੇ ਸਿੱਧੇ ਤੇ ਅਸਿੱਧੇ ਕਰ ਰਾਹੀਂ ਆਉਂਦੇ ਹਨ। ਇਸੇ ਤਰ੍ਹਾਂ ਸਰਕਾਰ ਦਾ ਹਰ ਰੁਪਿਆ ਦੇ ਖਰਚੇ ਵਿੱਚੋਂ 23 ਪੈਸੇ ਸੂਬਿਆਂ ਨੂੰ ਟੈਕਸ ਵਿੱਚ ਉਨ੍ਹਾਂ ਦੇ ਹਿੱਸੇ ਵਜੋਂ ਦਿੱਤਾ ਜਾਵੇਗਾ।


ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਵੱਲੋਂ ਪੇਸ਼ ਕੀਤੇ ਅੰਤ੍ਰਿਮ ਬਜਟ 2019-20 ਮੁਤਾਬਕ ਸਰਕਾਰ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਵਸਤੂ ਤੇ ਸੇਵਾ ਕਰ ਹੋਵੇਗਾ ਅਤੇ ਹਰ ਰੁਪਏ ਦੀ ਪ੍ਰਾਪਤ ਵਿੱਚ ਇਸ ਦਾ ਯੋਗਦਾਨ 21 ਪੈਸੇ ਦਾ ਹੋਵੇਗਾ। ਕਾਰਪੋਰੇਟ ਕਰ ਤੋਂ 21 ਪੈਸੇ, ਆਮਦਨ ਕਰ ਤੋਂ 17 ਪੈਸੇ ਅਤੇ ਸੀਮਾ ਕਰ ਤੋਂ ਚਾਰ ਪੈਸੇ ਪ੍ਰਾਪਤ ਹੋਣਗੇ। ਇਸੇ ਤਰ੍ਹਾਂ ਕਰਜ਼ੇ ਤੇ ਹੋਰ ਦੇਣਦਾਰੀਆਂ ਤੋਂ 19 ਪੈਸੇ, ਕੇਂਦਰੀ ਉਤਪਾਦ ਫੀਸ ਤੋਂ ਸੱਤ ਪੈਸੇ, ਗ਼ੈਰ ਟੈਕਸ ਸਰੋਤਾਂ ਤੋਂ ਅੱਠ ਪੈਸੇ ਅਤੇ ਕਰਜ਼ ਤੋਂ ਇਲਾਵਾ ਪੂੰਜੀਗਤ ਆਮਦਨ ਤੋਂ ਤਿੰਨ ਪੈਸੇ ਪ੍ਰਾਪਤ ਹੋਣਗੇ।

ਸਰਕਾਰ ਇੱਕ ਰੁਪਿਆ ਖਰਚਦੀ ਹੈ ਤਾਂ ਇਸ ਵਿੱਚੋਂ ਵਿਆਜ਼ ਦੇ ਭੁਗਤਾਨ ਵਿੱਚ 18 ਪੈਸੇ, ਰੱਖਿਆ ਖੇਤਰ 'ਤੇ ਅੱਠ ਪੈਸੇ, ਕੇਂਦਰੀ ਯੋਜਨਾਵਾਂ 'ਤੇ 12 ਪੈਸੇ ਅਤੇ ਕੇਂਦਰ ਵੱਲੋਂ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ 'ਤੇ ਨੌਂ ਪੈਸੇ ਖਰਚ ਹੋਣਗੇ। ਵਿੱਤ ਕਮਿਸ਼ਨ ਅਤੇ ਹੋਰ ਲੈਣ-ਦੇਣ 'ਤੇ ਅੱਠ ਪੈਸੇ, ਸਬਸਿਡੀਆਂ 'ਤੇ ਨੌਂ ਪੈਸੇ, ਪੈਨਸ਼ਨ 'ਤੇ ਪੰਜ ਪੈਸੇ ਅਤੇ ਫੁਟਕਲ ਥਾਵਾਂ 'ਤੇ ਅੱਠ ਪੈਸੇ ਖਰਚ ਹੋਣਗੇ।