ਚੰਡੀਗੜ੍ਹ: ਲੋਕ ਸਭਾ ਦੀਆਂ ਚਾਰ ਤੇ ਵਿਧਾਨ ਸਭਾ ਦੀਆਂ 10 ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤਕ ਦੇ ਰੁਝਾਨਾਂ ’ਤੇ ਗੌਰ ਕੀਤਾ ਜਾਵੇ ਤਾਂ ਬੀਜੇਪੀ ਲਈ ਖ਼ਬਰ ਚੰਗੀ ਨਹੀਂ। ਉੱਤਰ ਪ੍ਰਦੇਸ਼ ਦੀ ਕੈਰਾਨਾ ਸੀਟ ਸੱਤਾਧਾਰੀ ਪਾਰਟੀ ਦੇ ਹੱਥੋਂ ਖਿਸਕਦੀ ਨਜ਼ਰ ਰਹੀ ਹੈ।

 

ਇਸ ਸੀਟ ’ਤੇ ਆਰਐਲਡੀ ਉਮੀਦਵਾਰ ਅੱਗੇ ਚੱਲ ਰਹੀ ਹੈ ਜਿਸ ਨੂੰ ਸਮਾਜਵਾਦੀ ਪਾਰਟੀ (ਐਸਪੀ), ਬਹੁਜਨ ਸਮਾਜ ਪਾਰਟੀ (ਬੀਐਸਪੀ), ਕਾਂਗਰਸ ਤੇ ਆਦਮੀ ਪਾਰਟੀ (ਆਪ) ਦਾ ਸਮਰਥਨ ਮਿਲ ਰਿਹਾ ਹੈ।

ਹੁਣ ਤਕ ਦੇ ਅੰਕੜਿਆਂ ਮੁਤਾਬਕ ਕੁੱਲ 14 ਸੀਟਾਂ ਵਿੱਚੋਂ ਸਿਰਫ ਇੱਕ ਸੀਟ ’ਤੇ ਬੀਜੇਪੀ ਜਿੱਤ ਵੱਲ ਵਧ ਰਹੀ ਹੈ। ਹਾਲਾਂਕਿ ਇਹ ਸਥਿਤੀ ਬਦਲ ਵੀ ਸਕਦੀ ਹੈ।

ਬਿਹਾਰ ਦੀ ਜੋਕਿਹਾਟ ਸੀਟ ’ਤੇ ਵੀ ਬੀਜੇਪੀ-ਜੇਡੀਯੂ ਗਠਜੋੜ ਨੂੰ ਝਟਕਾ ਲੱਗਦਾ ਦਿਖ ਰਿਹਾ ਹੈ। ਇਸ ਸੀਟ ’ਤੇ ਜੇਡੀਯੂ ਦੇ ਉਮੀਦਵਾਰ ਕਰੀਬ 3 ਹਜ਼ਾਰ ਸੀਟਾਂ ਨਾਲ ਪਿੱਛੇ ਚੱਲ ਰਹੇ ਹਨ।

ਹੁਣ ਤਕ ਬੀਜੇਪੀ ਨੂੰ ਝਾਰਖੰਡ ਤੇ ਉੱਤਰਾਖੰਡ ਵਿੱਚ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਝਾਰਖੰਡ ਦੀ ਵਿਧਾਨ ਸਭਾ ਸੀਟ ਗੋਮਿਆ ਤੋਂ ਬੀਜੇਪੀ ਦੇ ਉਮੀਦਵਾਰ ਮਾਧਵਲਾਲ ਲਿੰਘ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਉੱਤਰਾਖੰਡ ਦੀ ਵਿਧਾਨਸਭਾ ਸੀਟ ’ਤੇ ਵੀ ਬੀਜੇਪੀ ਲੀਡ ’ਤੇ ਹੈ। ਕਾਂਗਰਸ ਇਸ ਸੀਟ ਤੋਂ ਦੂਜੇ ਨੰਬਰ ’ਤੇ ਹੈ।

ਦੇਸ਼ ਦੀਆਂ ਬਾਕੀ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਪੱਛਮ ਬੰਗਾਲ ’ਤੇ ਤ੍ਰਿਣਮੂਲ ਕਾਂਗਰਸ, ਪੰਜਾਬ ਦੀ ਸ਼ਾਹਕੋਟ ਸੀਟ ’ਤੇ ਕਾਂਗਰਸ, ਮਹਾਂਰਾਸ਼ਟਰ ਦੀ ਪਾਲਘਰ ਸੀਟ ’ਤੇ ਬੀਜੇਪੀ ਜਦਕਿ ਗੋਂਦੀਆ ਭੰਡਾਰਾ ਸੀਟ ’ਤੇ ਰਾਸ਼ਟਰਵਾਦੀ ਕਾਂਗਰਸ ਅੱਗੇ ਚੱਲ ਰਹੀ ਹੈ।

ਇਸੇ ਤਰ੍ਹਾਂ ਕੇਰਲ ਦੀ ਚੇਂਗਨੂਰ ਵਿਧਾਨ ਸਭਾ ਸੀਟ ’ਤੇ ਸੀਪੀਆਈਐਮ, ਕਰਨਾਟਕ ਦੀ ਆਰਆਰ ਨਗਰ ਵਿਧਾਨ ਸਭਾ ਸੀਟ ’ਤੇ ਕਾਂਗਰਸ ਤੇ ਮੇਘਾਲਿਆ ਦੀ ਇੱਕ ਅਮਪਤੀ ਵਿਧਾਨ ਸਭਾ ਸੀਟ ’ਤੇ ਵੀ ਕਾਂਗਰਸ ਦੇ ਉਮੀਦਵਾਰ ਲੀਡ ਕਰ ਰਹੇ ਹਨ।

ਨਾਗਾਲੈਂਡ ਦੀ ਇੱਕੋ-ਇੱਕ ਸੀਟ ’ਤੇ ਅਜੇ ਗਿਣਤੀ ਜਾਰੀ ਹੈ।