ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਦੂਜੇ ਮੁਲਕਾਂ ਦੇ ਚੁਣੇ ਹੋਏ ਮੁਖੀਆਂ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਕਿਸੇ ਵੀ ਕਿਸਮ ਦਾ ਦਖ਼ਲ ਜਾਂ ਟਿੱਪਣੀਆਂ ਬੇਲੋੜੀਆਂ ਤੇ ਗੈਰ-ਸੁਆਗਤਯੋਗ ਹਨ। ਚੱਢਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਨਿਬੇੜਾ ਕਰੇ, ਜੋ ਭਾਰਤ ਦਾ ਅੰਦਰੂਨੀ ਮਾਮਲਾ ਹੈ।
ਉਧਰ, ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਤੇ ਹੋਰ ਆਗੂਆਂ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਬਾਰੇ ਦਿੱਤੇ ਬਿਆਨਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਨ੍ਹਾਂ ਬਿਆਨਾਂ ਨੂੰ ਗਲਤ ਸੂਚਨਾਵਾਂ ’ਤੇ ਆਧਾਰਤ ਤੇ ਬੇਲੋੜਾ ਕਰਾਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਕੈਨੇਡਿਆਈ ਆਗੂਆਂ ਵੱਲੋਂ ਭਾਰਤ ਦੇ ਕਿਸਾਨਾਂ ਬਾਰੇ ਦਿੱਤੀਆਂ ਗਲਤ ਸੂਚਨਾਵਾਂ ’ਤੇ ਆਧਾਰਿਤ ਟਿੱਪਣੀਆਂ ਸੁਣੀਆਂ ਹਨ। ਅਜਿਹੇ ਟਿੱਪਣੀਆਂ ਬੇਲੋੜੀਆਂ ਹਨ ਤੇ ਖ਼ਾਸ ਤੌਰ ’ਤੇ ਜਦੋਂ ਇਹ ਮਾਮਲਾ ਇੱਕ ਲੋਕਤੰਤਰੀ ਮੁਲਕ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਵੇ। ਇੱਕ ਸੰਖੇਪ ਸੁਨੇਹਾ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ ਇਹ ਗੱਲ ਵੀ ਸਹੀ ਹੈ ਕਿ ਕੂਟਨੀਤਕ ਗੱਲਬਾਤ ਨੂੰ ਰਾਜਸੀ ਉਦੇਸ਼ਾਂ ਲਈ ਗਲਤ ਢੰਗ ਨਾਲ ਪੇਸ਼ ਨਾ ਕੀਤਾ ਜਾਵੇ।
ਟਰੂਡੋ ਨੇ ਕਿਸਾਨ ਅੰਦੋਲਨ ਬਾਰੇ ਕੀ ਕਿਹਾ?
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਲਕ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ਦਾ ਹਮੇਸ਼ਾਂ ਪੱਖ ਪੂਰੇਗਾ। ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਆਨਲਾਈਨ ਸਮਾਗਮ ਮੌਕੇ ਟਰੂਡੋ ਨੇ ਕਿਹਾ ਕਿ ਜੇਕਰ ਉਹ ਭਾਰਤ ਤੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਬਾਰੇ ਆ ਰਹੀਆਂ ਖ਼ਬਰਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਉਨ੍ਹਾਂ ਦੀ ਲਾਪ੍ਰਵਾਹੀ ਮੰਨੀ ਜਾਵੇਗੀ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ’ਤੇ ਇੱਕ ਵੀਡੀਓ ਪਾਉਂਦਿਆਂ ਲਿਖਿਆ,‘ਸਥਿਤੀ ਬਹੁਤ ਗੰਭੀਰ ਹੈ ਤੇ ਅਸੀਂ ਸਾਰੇ ਪਰਿਵਾਰਾਂ ਤੇ ਦੋਸਤਾਂ ਬਾਰੇ ਚਿੰਤਤ ਹਾਂ ਤੇ ਮੈਂ ਜਾਣਦਾ ਹਾਂ ਕਿ ਤੁਹਾਡੇ ’ਚੋਂ ਕਈਆਂ ਦੀ ਇਹੀ ਸਥਿਤੀ ਹੈ।’ ਉਨ੍ਹਾਂ ਕਿਹਾ ਕਿ ਉਹ ਦੁਵੱਲੀ ਗੱਲਬਾਤ ਦਾ ਮਹੱਤਵ ਸਮਝਦੇ ਹਨ ਅਤੇ ਇਸੇ ਕਾਰਨ ਉਨ੍ਹਾਂ ਵੱਖ-ਵੱਖ ਮਾਧਿਅਮਾਂ ਰਾਹੀਂ ਭਾਰਤ ਸਰਕਾਰ ਨਾਲ ਇਸ ਮਸਲੇ ਸਬੰਧੀ ਆਪਣੀ ਫ਼ਿਕਰਮੰਦੀ ਜ਼ਾਹਰ ਕੀਤੀ ਹੈ।