ਪਾਨੀਪਤ: ਪਾਨੀਪਤ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਟੈਂਕਰ ਨੇ ਤਿੰਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਦੇ ਨਾਲ ਹੀ ਇਸ ਟੈਂਕਰ ਨੇ ਪਿੱਛਾ ਕਰ ਰਹੀ ਪੁਲਿਸ ਦੀ ਗੱਡੀ ਨੂੰ ਵੀ ਨਹੀਂ ਬਖਸ਼ਿਆ। ਟੱਕਰ ਮਗਰੋਂ ਪੁਲਿਸ ਦੀ ਗੱਡੀ ਦੋ ਪਲਟੀਆਂ ਖਾ ਗਈ। ਇਸ ਵਿੱਚ ASI ਤੇ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕੈਂਟਰ ਡਰਾਈਵਰ ਫਰਾਰ ਹੈ।

ਜਾਣਕਾਰੀ ਮੁਤਾਬਕ ਚਾਂਦਨੀ ਬਾਗ ਥਾਣਾ ਦੇ ਵਲੋਂ ਤੇਜ਼ ਰਫ਼ਤਾਰ ਵਿੱਚ ਆ ਰਹੇ ਇੱਕ ਕੈਂਟਰ ਨੇ ਪਹਿਲਾਂ ਮਿੱਤਲ ਮੇਗਾ ਮਾਲ ਦੇ ਨੇੜੇ ਖੜੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ਤੇ ਇਸ ਤੋਂ ਬਾਅਦ ਡਰਾਈਵਰ ਨੇ ਕੈਂਟਰ ਭਜਾ ਲਿਆ। ਇਸ ਮਗਰੋਂ ਪੁਲਿਸ ਤੇਜ਼ ਰਫ਼ਤਾਰ ਕੈਂਟਰ ਦਾ ਪਿੱਛਾ ਕਰਨ ਲੱਗੀ। ਇਸ ਤੋਂ ਬਾਅਦ ਕੈਂਟਰ ਨੇ ਸਾਂਸਦ ਸੰਜੇ ਭਾਟੀਆ ਦੇ ਬੇਟੇ ਦੀ ਕਾਰ ਨੂੰ ਵੀ ਟੱਕਰ ਮਾਰੀ।

ਜਦੋਂ ਪਿੱਛਾ ਕਰਦੀ ਪੁਲਿਸ ਦੀ ਗੱਡੀ ਨੇ ਕੈਂਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਦੀ ਗੱਡੀ ਨੂੰ ਵੀ ਠੋਕ ਦਿੱਤਾ। ਇਸ ਮਗਰੋਂ ਕੈਂਟਰ ਬਿਜਲੀ ਦੇ ਖੰਭੇ ਨਾਲ ਟੱਕਰਾ ਕੇ ਇੱਕ ਦਰਖ਼ਤ ਵਿੱਚ ਜਾ ਵਜਾ ਤੇ ਰੁਕ ਗਿਆ। ਹਾਦਸੇ ਮਗਰੋਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਲਈ ਹੁਣ ਛਾਪੇਮਾਰੀ ਕਰ ਰਹੀ ਹੈ।