ਨਵੀਂ ਦਿੱਲੀ: ਕੈਸ਼ ਦੀ ਕਿੱਲਤ ਬਾਰੇ ਬੇਸ਼ੱਕ ਸਰਕਾਰ ਦਾ ਦਾਅਵਾ ਹੈ ਕਿ 80 ਫ਼ੀਸਦੀ ਏਟੀਐਮਜ਼ ਵਿੱਚ ਪੈਸੇ ਹਨ, ਪਰ 'ਏਬੀਪੀ ਨਿਊਜ਼' ਵੱਲੋਂ ਜ਼ਮੀਨੀ ਹਾਲਾਤ ਦੀ ਪੜਤਾਲ ਵਿੱਚ ਨਜ਼ਾਰਾ ਕੁਝ ਹੋਰ ਹੀ ਹੈ। ਪੜਤਾਨ ਵਿੱਚ ਪਤਾ ਲੱਗਾ ਕਿ ਬਿਹਾਰ, ਗੁਜਰਾਤ, ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਜ਼ਿਆਦਾਤਰ ਏਟੀਐਮ ਖਾਲੀ ਹਨ। ਯਾਨੀ ਲੋਕਾਂ ਨੂੰ ਹਾਲੇ ਵੀ ਬੈਂਕਾਂ ਤੇ ਏਟੀਐਮ ਦੇ ਚੱਕਰ ਕੱਟਣੇ ਪੈ ਰਹੇ ਹਨ।
ਸਰਕਾਰ ਤੇ ਆਰਬੀਆਈ ਦਾ ਦਾਅਵਾ ਹੈ ਕਿ ਨੋਟਾਂ ਦੀ ਛਪਾਈ ਲਗਾਤਾਰ ਜਾਰੀ ਹੈ ਤੇ ਕੈਸ਼ ਨੂੰ ਸੰਕਟ ਵਾਲੇ ਸੂਬਿਆਂ ਵਿੱਚ ਤੇਜ਼ੀ ਨਾਲ ਸਪਲਾਈ ਕੀਤਾ ਗਿਆ ਹੈ। ਹਾਲਾਂਕਿ, ਰਿਐਲਟੀ ਚੈੱਕ ਵਿੱਚ ਏਟੀਐਮ ਖਾਲੀ ਦਿਖੇ। ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਆਪਣੇ ਪੈਸੇ ਲਈ ਪਿਛਲੇ ਚਾਰ ਦਿਨਾਂ ਤੋਂ ਭਟਕਣਾ ਪੈ ਰਿਹਾ ਹੈ। ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਨ੍ਹਾਂ ਕੋਲ ਪੈਸੇ ਵੀ ਨਹੀਂ ਬਚੇ।
ਆਰਬੀਆਈ ਗਵਰਨਰ ਦੇਣ ਅਸਤੀਫ਼ਾ
ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ (ਏਆਈਬੀਈਏ) ਨੇ ਵੀਰਵਾਰ ਨੂੰ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਉਰਜਿਤ ਪਟੇਲ ਨੂੰ ਹਟਾਉਣ ਦੀ ਮੰਗ ਕੀਤੀ ਹੈ। ਯੂਨੀਅਨ ਨੇ ਆਰਬੀਆਈ 'ਤੇ ਮਾੜਾ ਰਵੱਈਆ ਅਪਨਾਉਣ ਦੇ ਦੋਸ਼ ਲਾਏ ਹਨ ਤੇ ਕਿਹਾ ਕਿ ਕੇਂਦਰੀ ਬੈਂਕ ਦੇ ਇਸ ਵਤੀਰੇ ਕਾਰਨ ਹੀ ਦੇਸ਼ ਭਰ ਦੇ ਏਟੀਐਮ ਖਾਲੀ ਪਏ ਹਨ।
ਯੂਨੀਅਨ ਦੇ ਮੁੱਖ ਸਕੱਤਰ ਸੀਐਚ ਵੈਂਕਟਚਲਮ ਨੇ ਕਿਹਾ ਹੈ ਕਿ ਆਰਬੀਆਈ ਸਰਕਾਰ ਦਾ ਪਿਛਲੱਗ ਅਦਾਰਾ ਬਣਿਆ ਹੋਇਆ ਹੈ ਤੇ ਆਜ਼ਾਦ ਰੂਪ ਵਿੱਚ ਆਪਣੀਆਂ ਤਾਕਤਾਂ ਦੀ ਵਰਤੋਂ ਨਹੀਂ ਕਰ ਰਿਹਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਨੋਟਾਂ ਨੂੰ ਰੀਕੈਲੀਬ੍ਰੇਟ ਯਾਨੀ ਨੋਟ ਦੇ ਡਿਜ਼ਾਇਨ ਦੇ ਹਿਸਾਬ ਨਾਲ ਤਕਨੀਕੀ ਤਬਦੀਲੀਆਂ ਨਹੀਂ ਕੀਤੀਆਂ ਗਈਆਂ।
ਐਕਸ਼ਨ ਵਿੱਚ ਸਰਕਾਰ
ਮੋਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਬਾਜ਼ਾਰ ਵਿੱਚ ਲੋੜੀਂਦੀ ਮਾਤਰਾ ਵਿੱਚ ਕੈਸ਼ ਹੈ। ਜੇਕਰ ਦਿੱਕਤ ਹੈ ਤਾਂ ਹੋਰ ਤੇਜ਼ੀ ਨਾਲ ਨੋਟ ਸਪਲਾਈ ਤੇ ਛਾਪੇ ਜਾ ਰਹੇ ਹਨ। ਦੇਵਾਸ ਜ਼ਿਲ੍ਹੇ ਵਿੱਚ ਸਥਿਤ ਬੈਂਕ ਨੋਟ ਪ੍ਰੈੱਸ ਵਿੱਚ ਨੋਟਾਂ ਦੀ ਛਪਾਈ ਦਾ ਕੰਮ ਤਿੰਨ ਸ਼ਿਫ਼ਟਾਂ ਵਿੱਚ ਜਾਰੀ ਹੈ। ਦੇਵਾਸ ਵਿੱਚ 500 ਤੇ 200 ਰੁਪਏ ਦੀ ਕੀਮਤ ਦੇ ਨੋਟ ਛਾਪੇ ਜਾ ਰਹੇ ਹਨ।