ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਦੀਆਂ ਰਿਹਾਇਸ਼ਾਂ 'ਤੇ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਦੀ ਟੀਮ ਦਿੱਲੀ ਤੇ ਹਰਿਆਣਾ ਵਿੱਚ ਉਨ੍ਹਾਂ ਦੇ 30 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਹੁੱਡਾ ਵਿਰੁੱਧ ਮਾਨੇਸਰ ਜ਼ਮੀਨ ਘੁਟਾਲੇ ਮਾਮਲੇ ਵਿੱਚ ਸੀਬੀਆਈ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਸ਼ੁੱਕਰਵਾਰ ਸਵੇਰ ਸੀਬੀਆਈ ਨੇ ਹੁੱਡਾ ਦੇ ਰੋਹਤਕ ਸਥਿਤ ਡੀਪਾਰਕ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਇੱਥੇ ਜਦ ਛਾਪਾ ਪਿਆ ਤਾਂ ਹੁੱਡਾ ਘਰ ਵਿੱਚ ਹੀ ਮੌਜੂਦ ਸਨ। ਛਾਪੇ ਦੌਰਾਨ ਕਿਸੇ ਨੂੰ ਵੀ ਘਰੋਂ ਬਾਹਰ ਜਾਣ ਜਾਂ ਕਿਸੇ ਨੂੰ ਘਰ ਅੰਦਰ ਆਉਣ ਦੀ ਆਗਿਆ ਨਹੀਂ ਸੀ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਸੀਬੀਆਈ ਦੀ ਕਾਰਵਾਈ ਬਾਰੇ ਪਤਾ ਲੱਗ ਚੁੱਕਿਆ ਸੀ, ਇਸੇ ਲਈ ਉਹ ਆਪਣੇ ਘਰ ਵਿੱਚ ਹੀ ਮੌਜੂਦ ਰਹੇ।


ਸੀਬੀਆਈ ਦੀ ਵੱਡੀ ਕਾਰਵਾਈ 'ਤੇ ਸਿਆਸੀ ਭੂਚਾਲ ਆ ਗਿਆ ਹੈ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਕਿਹਾ ਹੈ ਕਿ ਜੀਂਦ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਭਾਜਪਾ ਨੇ ਅਜਿਹੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਤਾਂ ਜੋ ਹੁੱਡਾ ਚੋਣ ਪ੍ਰਚਾਰ ਲਈ ਘਰੋਂ ਬਾਹਰ ਨਾ ਜਾ ਸਕਣ।

ਉੱਧਰ, ਆਮ ਆਦਮੀ ਪਾਰਟੀ ਨੇ ਭੁਪਿੰਦਰ ਸਿੰਘ ਹੁੱਡਾ ਦਾ ਸਾਥ ਦਿੰਦਿਆਂ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। 'ਆਪ' ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਬੀਜੇਪੀ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੀਬੀਆਈ ਨੂੰ ਆਪਣੀ ਕਠਪੁਤਲੀ ਵਾਂਗ ਵਰਤਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਦੀਵਾ ਬੁੱਝਣ ਤੋਂ ਪਹਿਲਾਂ ਫੜਕ ਰਿਹਾ ਹੈ।

ਜ਼ਿਕਰਯੋਗ ਹੈ ਕਿ ਹੁੱਡਾ ਖ਼ਿਲਾਫ਼ ਐਸੋਸੀਏਟਿਡ ਜਨਰਲਜ਼ ਲਿਮਟਿਡ (ਏਜੇਐਲ) ਨੂੰ ਨਿਯਮਾਂ ਦੀ ਅਣਦੇਖੀ ਕਰਕੇ ਜ਼ਮੀਨ ਅਲਾਟ ਕਰਨ ਦੇ ਇਲਜ਼ਾਮ ਹਨ। 2005-16 ਤਕ ਮੁੱਖ ਮੰਤਰੀ ਰਹਿੰਦਿਆਂ ਭੁਪਿੰਦਰ ਸਿੰਘ ਹੁੱਡਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁਖੀ ਸਨ ਅਤੇ ਉਸੇ ਦੌਰਾਨ ਇਹ ਜ਼ਮੀਨ ਏਜੇਐਲ ਨੂੰ ਅਲਾਟ ਕੀਤੀ ਗਈ ਸੀ।