ਨਵੀਂ ਦਿੱਲੀ: ਵੀਡੀਓਕੌਨ ਕਰਜ਼ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਦਾ ਨਾਂ ਮੁਲਜ਼ਮ ਵਜੋਂ ਸ਼ਾਮਲ ਕਰ ਲਿਆ। ਇਸ 3250 ਕਰੋੜ ਰੁਪਏ ਦੇ ਕਰਜ਼ ਮਾਮਲੇ ਵਿੱਚ ਸੀਬੀਆਈ ਨੇ ਚੰਦਾ ਦੇ ਪਤੀ ਦੀਪਕ ਕੋਚਰ, ਵੀ.ਐਨ. ਧੂਤ, ਵੀਡੀਓਕੌਨ ਗਰੁੱਪ ਦੇ ਐਮਡੀ ਤੇ ਹੋਰਨਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ।

ਦਰਅਸਲ, ਪਿਛਲੇ ਸਾਲ ਆਈਸੀਆਈਸੀਆਈ ਬੈਂਕ ਤੇ ਵੀਡੀਓਕੌਨ ਦੇ ਸ਼ੇਅਰ ਹੋਲਡਰ ਅਰਵਿੰਦ ਗੁਪਤਾ ਨੇ ਪ੍ਰਧਾਨ ਮੰਤਰੀ, ਰਿਜ਼ਰਵ ਬੈਂਕ ਤੇ ਸੇਬੀ ਨੂੰ ਚਿੱਠੀ ਲਿਖ ਕੇ ਬੈਂਕ ਦੀ ਸੀਈਓ ਤੇ ਐਮਡੀ ਚੰਦਾ ਕੋਚਰ ਤੇ ਵੀਡੀਓਕੌਨ ਦੇ ਮੁਖੀ ਵੇਣੂਗੋਪਾਲ ਧੂਤ ਨੇ ਇੱਕ-ਦੂਜੇ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲਾਏ ਸਨ।


ਉਨ੍ਹਾਂ ਦਾਅਵਾ ਕੀਤਾ ਸੀ ਕਿ ਬੈਂਕ ਨੇ ਕੰਪਨੀ ਨੂੰ 3250 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ ਤੇ ਬਦਲੇ ਵਿੱਚ ਵੀਡੀਓਕੌਨ ਨੇ ਚੰਦਾ ਦੇ ਪਤੀ ਦੀਪਕ ਕੋਚਰ ਦੀ ਬਦਲਵੀਂ ਊਰਜਾ ਕੰਪਨੀ ਨੂਪਾਵਰ ਵਿੱਚ ਆਪਣਾ ਨਿਵੇਸ਼ ਕੀਤਾ ਸੀ। ਇਲਜ਼ਾਮ ਹਨ ਕਿ ਚੰਦਾ ਨੇ ਆਪਣੇ ਪਤੀ ਦੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਧੂਤ ਦੀ ਕੰਪਨੀ ਨੂੰ ਫਾਇਦਾ ਦਿਵਾਇਆ ਸੀ।

ਹਾਲਾਂਕਿ, ਇਲਜ਼ਾਮ ਲੱਗਣ ਮਗਰੋਂ ਆਈਸੀਆਈਸੀਆਈ ਦੀ ਐਮਡੀ ਤੇ ਸੀਈਓ ਚੰਦਾ ਕੋਚਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚੰਦਾ ਦੇ ਜਾਣ ਮਗਰੋਂ ਐਮਡੀ ਤੇ ਸੀਈਓ ਦੇ ਅਹੁਦੇ 'ਤੇ ਸੰਦੀਪ ਬਖ਼ਸ਼ੀ ਨੂੰ ਪੰਜ ਸਾਲਾਂ ਲਈ ਨਿਯੁਕਤ ਕੀਤਾ ਹੋਇਆ ਹੈ। ਹੁਣ ਕੇਸ ਦਰਜ ਹੋਣ ਮਗਰੋਂ ਚੰਦਾ ਕੋਚਰ ਤੋਂ ਜਾਂਚ ਏਜੰਸੀ ਪੁੱਛਗਿੱਛ ਵੀ ਕਰੇਗੀ।