ਕਾਨਪੁਰ: ਪੈੱਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਰੋਟੋਮੈਕ 800 ਕਰੋੜ ਦੇ ਬੈਂਕ ਕਰਜ਼ ਘੁਟਾਲੇ ਵਿੱਚ ਫਸ ਗਈ ਹੈ। ਸੀਬੀਆਈ ਨੇ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅੱਜ ਸਵੇਰੇ ਕਾਨਪੁਰ ਵਿੱਚ ਕੰਪਨੀ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੰਪਨੀ ਦੇ ਮਾਲਿਕ ਵਿਕਰਮ ਕੋਠਾਰੀ ਸਾਹਮਣੇ ਆਏ ਤੇ ਉਨ੍ਹਾਂ ਤੋਂ ਪੁੱਛਗਿਛ ਜਾਰੀ ਹੈ।
ਕੋਠਾਰੀ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਮੁੰਡੇ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਬੀਆਈ ਨੇ ਅੱਜ ਤੜਕੇ ਹੀ ਐਕਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਕੋਠਾਰੀ ਵੀ ਮੁਲਕ ਛੱਡ ਕੇ ਭੱਜ ਗਿਆ ਹੈ। ਇਸ ਤੋਂ ਬਾਅਦ ਕੋਠਾਰੀ ਨੇ 'ਏਬੀਪੀ ਨਿਊਜ਼' ਨਾਲ ਗੱਲ ਕਰਦੇ ਹੋਏ ਕਿਹਾ ਸੀ, "ਮੈਂ ਕਾਨਪੁਰ ਵਿੱਚ ਹੀ ਹਾਂ। ਜਲਦ ਹੀ ਬੈਂਕਾਂ ਦੇ ਕਰਜ਼ੇ ਅਦਾ ਕਰ ਦਿਆਂਗਾ। ਮੇਰੇ ਭੱਜਣ ਦੀਆਂ ਖਬਰਾਂ ਗਲਤ ਹਨ।"
ਐਤਵਾਰ ਨੂੰ ਉਹ ਇੱਕ ਵਿਆਹ ਵਿੱਚ ਨਜ਼ਰ ਆਏ। ਇਸੇ ਵਿਆਹ ਵਿੱਚ ਸੀਐਮ ਯੋਗੀ, ਡਿਪਟੀ ਸੀਐਮ ਕੇਸ਼ਵ ਮੌਰਿਆ, ਬਿਹਾਰ ਦੇ ਡਿਪਟੀ ਸੀਐਮ ਤੇ ਬੀਜੇਪੀ ਲੀਡਰ ਸੁਸ਼ੀਲ ਮੋਦੀ ਸਣੇ ਕਈ ਵੱਡੇ ਲੀਡਰ ਮੌਜੂਦ ਸਨ।
ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਨੇ ਸਰਕਾਰੀ ਬੈਂਕਾਂ ਤੋਂ ਕਰੀਬ 800 ਕਰੋੜ ਰੁਪਏ ਦਾ ਕਰਜ਼ ਇੱਕ ਸਾਲ ਪਹਿਲਾਂ ਲਿਆ ਸੀ ਪਰ ਉਹ ਕਰਜ਼ ਵਾਪਸ ਨਹੀਂ ਕਰ ਰਹੇ। ਕਾਨਪੁਰ ਦੇ ਤਿਲਕ ਨਗਰ ਵਿੱਚ ਵਿਕਰਮ ਕੋਠਾਰੀ ਦਾ ਆਲੀਸ਼ਾਨ ਬੰਗਲਾ ਹੈ ਪਰ ਅੱਜ-ਕੱਲ੍ਹ ਉਹ ਬੰਗਲੇ ਵਿੱਚ ਨਹੀਂ ਰਹਿ ਰਹੇ। ਕੋਠਾਰੀ ਦੀ ਫੈਕਟਰੀ ਵੀ ਬੰਦ ਹੈ।