ਨਵੀਂ ਦਿੱਲੀ: ਪੀਐਨਬੀ ਦੇ 11,400 ਕਰੋੜ ਰੁਪਏ ਦੇ ਘੁਟਾਲੇ ਮਗਰੋਂ ਇੱਕ ਹੋਰ ਘੁਟਾਲਾ ਸਾਹਮਣੇ ਆਇਆ ਹੈ। ਰੋਟੋਮੈਕ ਪੈਨ ਕੰਪਨੀ ਉੱਪਰ ਬੈਂਕਾਂ ਨਾਲ 800 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਲੱਗਾ ਹੈ। ਰੋਟੋਮੈਕ ਪੈਨ ਕੰਪਨੀ ਦਾ ਮਾਲਕ ਵਿਕਰਮ ਕੋਠਾਰੀ ਨੇ ਅਲਾਹਾਬਾਦ ਬੈਂਕ, ਬੈਂਕ ਆਫ਼ ਇੰਡੀਆ ਤੇ ਯੂਨੀਅਨ ਬੈਂਕ ਆਫ਼ ਇੰਡੀਆ ਸਮੇਤ ਹੋਰ ਸਰਕਾਰੀ ਬੈਂਕਾਂ ਨਾਲ 800 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਕਾਨਪੁਰ ਅਧਾਰਤ ਇਸ ਕੰਪਨੀ ਦੇ ਮਾਲਕ ਨੇ ਪੰਜ ਤੋਂ ਵੱਧ ਸਰਕਾਰੀ ਬੈਂਕਾਂ ਤੋਂ ਅੱਠ ਸੌ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਲਿਆ ਸੀ।


ਸੂਤਰਾਂ ਮੁਤਾਬਕ ਅਲਾਹਾਬਾਦ ਬੈਂਕ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਇੰਡੀਅਨ ਓਵਰਸੀਜ਼ ਬੈਂਕ ਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ ਕਰਜ਼ਾ ਮਨਜ਼ੂਰ ਕਰਨ ਲਈ ਬਣਾਏ ਨੇਮਾਂ ਨਾਲ ਸਮਝੌਤਾ ਕੀਤਾ। ਕੋਠਾਰੀ ਨੇ ਮੁੰਬਈ ਅਧਾਰਤ ਯੂਨੀਅਨ ਬੈਂਕ ਆਫ਼ ਇੰਡੀਆ ਤੋਂ 485 ਕਰੋੜ ਤੇ ਕੋਲਕਾਤਾ ਅਧਾਰਿਤ ਅਲਾਹਾਬਾਦ ਬੈਂਕ ਤੋਂ 352 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਲੈਣ ਤੋਂ ਸਾਲ ਮਗਰੋਂ ਕੋਠਾਰੀ ਨੇ ਨਾ ਕਰਜ਼ਾ ਅਦਾ ਕੀਤਾ ਤੇ ਨਾ ਹੀ ਵਿਆਜ।

ਰੋਟੋਮੈਕ ਵੱਲੋਂ ਅੱਠ ਸੌ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਮੁੰਬਈ ਸ਼ਾਖਾ ਵਿੱਚ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਹੋਰਨਾਂ ਵੱਲੋਂ ਲੈਟਰ ਆਫ਼ ਅੰਡਰਟੇਕਿੰਗਜ਼ ਜ਼ਰੀਏ 1.77 ਅਰਬ ਅਮਰੀਕੀ ਡਾਲਰ (ਲਗਪਗ 11,400 ਕਰੋੜ ਰੁਪਏ) ਦੀ ਧੋਖਾਧੜੀ ਕੀਤੇ ਜਾਣ ਦਾ ਕੇਸ ਦਰਜ ਕਰਾਇਆ ਹੈ।