ਨਵੀਂ ਦਿੱਲੀ: ਦੇਸ਼ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਘਟਣ ਜਾਂ ਰੁਕਣ ਦਾ ਨਾਂ ਨਹੀਂ ਲੈ ਰਹੀ। ਬਹੁਤੇ ਲੋਕ ਵੀ ਕੋਰੋਨਾ ਦੇ ਮੁੱਖ ਨਿਯਮਾਂ ਦੀ ਪਾਲਣਾ ਠੀਕ ਤਰ੍ਹਾਂ ਨਹੀਂ ਕਰ ਰਹੇ। ਇੱਕ-ਦੂਜੇ ਤੋਂ ਦੂਰੀ ਬਣਾ ਕੇ ਨਹੀਂ ਰੱਖ ਰਹੇ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ਉੱਤੇ ਜਾ ਰਹੇ ਹਨ। ਉਹ ਸਹੀ ਤਰੀਕੇ ਮਾਸਕ ਵੀ ਨਹੀਂ ਪਾ ਰਹੇ।

ਅਜਿਹਾ ਕੁਝ ਵੇਖ ਕੇ ਹੀ ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ 80 ਫ਼ੀਸਦੀ ਲੋਕ ਬਿਨਾ ਮਾਸਕ ਘੁੰਮ ਰਹੇ ਹਨ ਤੇ ਸੂਬੇ ਤੇ ਕੇਂਦਰ ਸਰਕਾਰ ਨੂੰ ਕੋਈ ਫ਼ਿਕਰ ਹੀ ਨਹੀਂ ਹੈ। ਸਰਕਾਰ ਨੇ ਸਿਰਫ਼ SOP ਬਣਾ ਦਿੱਤੇ ਹਨ।

ਦੇਸ਼ ਵਿੱਚ ਕੋਰੋਨਾ ਦੇ ਇਲਾਜ ਦੇ ਇੰਤਜ਼ਾਮਾਂ ਬਾਰੇ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਮਹਾਮਾਰੀ ਦੀ ਰੋਕਥਾਮ ਵਿੱਚ ਰਾਜਾਂ ਦੀ ਲਾਪਰਵਾਹੀ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ। ਸੁਣਵਾਈ ਦੌਰਾਨ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ ਉੱਤੇ ਸੂਬਿਆਂ ਨੂੰ ਸਖ਼ਤ ਹੋਣਾ ਪਵੇਗਾ। ਦੇਸ਼ ਦੇ 10 ਸੂਬਿਆਂ ਵਿੱਚ ਕੋਰੋਨਾ ਦੇ 70 ਫ਼ੀਸਦੀ ਕੇਸ ਹਨ।

ਉੱਧਰ ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਦੇ ਇੱਕ ਕੋਵਿਡ ਹਸਪਤਾਲ ’ਚ ਭਿਆਨਕ ਅੱਗ ਲੱਗ ਗਈ। ਸੁਪਰੀਮ ਕੋਰਟ ਨੇ ਉਸ ਹਸਪਤਾਲ ਵਿੱਚ ਇਸ ਅਗਨੀ-ਕਾਂਡ ਵਿੱਚ ਹੋਈਆਂ ਛੇ ਮੌਤਾਂ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।