ਨਵੀਂ ਦਿੱਲੀ: ਸਰਕਾਰ ਜਲਦ ਹੀ ਜਨਤਾ ਨੂੰ ਨਵਾਂ ਤੋਹਫ਼ਾ ਦੇਣ ਵਾਲੀ ਹੈ। ਜੀ ਹਾਂ! ਹੁਣ ਖੁੱਲ੍ਹੇ ਪੈਸਿਆਂ ਦੀ ਦਿੱਕਤ ਤੋਂ ਜਲਦ ਹੀ ਛੁਟਕਾਰਾ ਮਿਲਣ ਵਾਲਾ ਹੈ। 50 ਰੁਪਏ ਦੇ ਨਵੇਂ ਨੋਟ ਦੇ ਐਲਾਨ ਮਗਰੋਂ ਬੁੱਧਵਾਰ ਨੂੰ ਵਿੱਤ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ 200 ਰੁਪਏ ਦੇ ਨੋਟ ਜਾਰੀ ਹੋਣਗੇ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਨਕਲੀ ਨੋਟਾਂ 'ਤੇ ਲਗਾਮ ਲਾਈ ਜਾ ਸਕੇ। ਇਸ ਲਈ ਪਹਿਲੀ ਵਾਰ 200 ਰੁਪਏ ਦਾ ਨੋਟ ਲਿਆਂਦਾ ਜਾ ਰਿਹਾ ਹੈ।

ਸਤੰਬਰ ਦੇ ਪਹਿਲੇ ਹਫ਼ਤੇ ਇਹ ਨੋਟ ਜਾਰੀ ਕੀਤੇ ਜਾ ਸਕਦੇ ਹਨ। ਜਾਣਕਾਰਾਂ ਮੁਤਾਬਕ ਕਾਲੇ ਧਨ ਨੂੰ ਰੋਕਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ। ਸੂਤਰਾਂ ਮੁਤਾਬਕ 200 ਰੁਪਏ ਦੇ 50 ਕਰੋੜ ਨੋਟ ਬਾਜ਼ਾਰ 'ਚ ਲਿਆਂਦੇ ਜਾਣਗੇ। ਜਾਣਕਾਰੀ ਮੁਤਾਬਕ 100 ਰੁਪਏ ਤੇ 500 ਰੁਪਏ ਵਿਚਕਾਰ ਦਾ ਕੋਈ ਨੋਟ ਅਜੇ ਤਕ ਉਪਲਬਧ ਨਹੀਂ ਹੈ। ਇਸ ਲਈ ਆਰ.ਬੀ.ਆਈ. ਦਾ ਮੰਨਣਾ ਹੈ ਕਿ 200 ਰੁਪਏ ਦਾ ਨੋਟ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਨਾਲ ਨੋਟਾਂ ਦੀ ਉਪਲਬਧ ਵੀ ਯਕੀਨੀ ਕੀਤੀ ਜਾ ਸਕੇਗੀ।

ਇੱਕ ਬੈਂਕ ਅਧਿਕਾਰੀ ਮੁਤਾਬਕ, 200 ਰੁਪਏ ਦੇ ਨੋਟ ਆਉਣ ਦੇ ਦੋ ਫ਼ਾਇਦੇ ਹੋਣਗੇ। ਇੱਕ ਤਾਂ ਨਕਦ ਲੈਣ-ਦੇਣ 'ਚ ਆਸਾਨੀ ਹੋਵੇਗੀ ਤੇ ਦੂਜਾ ਇਸ ਨਾਲ ਕੁੱਲ ਕਰੰਸੀ 'ਚ ਛੋਟੇ ਨੋਟਾਂ ਦੀ ਗਿਣਤੀ ਵਧ ਜਾਵੇਗੀ। ਦੱਸ ਦੇਈਏ ਕਿ ਨੋਟਬੰਦੀ ਤੋਂ ਪਹਿਲਾਂ 500 ਦੇ 1,717 ਕਰੋੜ ਨੋਟ ਸਨ ਤੇ 1000 ਦੇ 686 ਕਰੋੜ ਸਨ। ਐਸ.ਬੀ.ਆਈ. ਮੁਤਾਬਕ, ਨੋਟਬੰਦੀ ਮਗਰੋਂ ਵੱਡੇ ਨੋਟਾਂ ਦੇ ਹਿੱਸੇ 'ਚ 70 ਫ਼ੀਸਦੀ ਦੀ ਕਮੀ ਆਈ ਹੈ।