ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਜੀਪ ਦੀ ਛੱਤ ’ਤੇ ਮਹਿਲਾ ਨੂੰ ਬਿਠਾ ਕੇ ਗੱਡੀ ਭਜਾਉਣੀ ਮਹਿੰਗੀ ਪੈ ਰਹੀ ਹੈ। ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਤਕ ਪਹੁੰਚ ਗਿਆ ਹੈ। ਇਸ ਦੇ ਨਾਲ ਮਹਿਲਾ ਕਮਿਸ਼ਨ ਵੀ ਸਰਗਰਮ ਹੋ ਗਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਪੀੜਤ ਮਹਿਲਾ ਦੇ ਸਿਰ ਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਜਸਵਿੰਦਰ ਕੌਰ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਵੀਰਵਾਰ ਨੂੰ ਮਹਿਲਾ ਦਾ ਪਰਿਵਾਰ ਤੇ ਪਿੰਡ ਵਾਸੀ ਸੜਕਾਂ ’ਤੇ ਉੱਤਰ ਆਏ ਤੇ ਥਾਣੇ ਘੇਰ ਕੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਦੋ ਦਿਨ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ। ਅੰਮ੍ਰਿਤਸਰ ਦੇਹਾਤੀ ਦੇ ਕੱਥੂਨੰਗਲ ਥਾਣੇ ਅਧੀਨ ਪਿੰਡ ਸ਼ਹਿਜ਼ਾਦਾ ਵਿੱਚ ਪੰਜਾਬ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਮਹਿਲਾ ਨੂੰ ਬਲੈਰੋ ਦੀ ਛੱਤ ’ਤੇ ਚੜ੍ਹਾ ਕੇ ਗੱਡੀ ਨੂੰ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਭਜਾਇਆ। ਕਰੀਬ ਤਿੰਨ ਕਿਲੋਮੀਟਰ ਬਾਅਦ ਮਹਿਲਾ ਗੱਡੀ ਤੋਂ ਡਿੱਗ ਗਈ ਪਰ ਪੁਲਿਸ ਟੀਮ ਉਸ ਨੂੰ ਉੱਥੇ ਛੱਡ ਕੇ ਚਲੀ ਗਈ। ਇਹ ਸਾਰੀ ਘਟਨਾ ਚੌਕ ’ਤੇ ਲੱਗੇ ਸੀਸਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਮੀਡੀਆ ’ਚ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲ ਪਹੁੰਚ ਗਿਆ ਹੈ। ਮਹਿਲਾ ਦੇ ਸਹੁਰਾ ਬਲਵੰਤ ਸਿੰਘ ਨੇ ਪੰਜਾਬ ਪੁਲਿਸ ’ਤੇ ਜ਼ਿਆਦਤੀ ਕਰਨ ਦਾ ਇਲਜ਼ਾਮ ਲਾਉਂਦਿਆਂ IPS ਅਧਿਕਾਰੀ ਕੋਲੋਂ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪਟੀਸ਼ਨ ਵਿੱਚ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਜਾਣਪਛਾਣ ਵਾਲੇ ਕੁਝ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਉਨ੍ਹਾਂ ਖ਼ਿਲਾਫ਼ ਹਥਿਆਰ ਹੋਣ ਦੇ ਝੂਠੇ ਇਲਜ਼ਾਮ ਲਾਏ ਗਏ ਸੀ। ਇਸੇ ਮਾਮਲੇ ਵਿੱਚ ਪੁਲਿਸ ਹੁਣ ਮੁਲਜ਼ਮਾਂ ਨੂੰ ਪਛਾਣਨ ਵਾਲੇ ਲੋਕਾਂ ’ਤੇ ਦਬਾਅ ਬਣਾਉਣ ਨਾਲ ਉਨ੍ਹਾਂ ਨੂੰ ਫਸਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।

ਮਾਮਲਾ ਸੁਰਖ਼ੀਆਂ ਵਿੱਚ ਆਉਣ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਗੰਭੀਰ ਨੋਟਿਸ ਲੈਂਦਿਆਂ ਡੀਜੀਪੀ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਸਬੰਧਤ ਡੀਐਸਪੀ, ਥਾਣੇਦਾਰ ਤੇ ਸਬਇੰਸਪੈਕਟਰ ਸਣੇ ਹੋਰ ਪੁਲਿਸ ਅਧਿਕਾਰੀਆਂ ਨੂੰ 4 ਅਕਤੂਬਰ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਡੀਜੀਪੀ ਪੰਜਾਬ ਨੂੰ ਵੀ ਦੋ ਦਿਨਾਂ ਅੰਦਰ ਮਾਮਲੇ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਮਹਿਲਾ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਪੁਲਿਸ ਜ਼ਬਰਦਸਤੀ ਉਸਦੇ ਪਤੀ ਨੂੰ ਨਾਲ ਲੈ ਕੇ ਜਾ ਰਹੀ ਸੀ। ਉਸਨੇ ਆਪਣੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਪੁਲਿਸ ਦਾ ਵਿਰੋਧ ਕੀਤਾ ਪਰ ਇਸੇ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਚੁੱਕ ਕੇ ਬਲੈਰੋ ਦੀ ਛੱਤ ’ਤੇ ਬਿਠਾ ਦਿੱਤਾ ਤੇ ਗੱਡੀ ਭਜਾ ਲਈ ਤ ਮਹਿਲਾ ਦੇ ਪਰਿਵਾਰ ’ਤੇ ਹੀ ਕਤਲ ਦਾ ਕੋਸ਼ਿਸ਼ ਦਾ ਮਾਮਲਾ ਦਰਜ ਕਰ ਦਿੱਤਾ। ਮਹਿਲਾ ਦੇ ਬਿਆਨਾਂ ਬਾਅਦ ਐਸਪੀ (ਡੀ) ਹਰਪਾਲ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਅਪਰਾਧ ਸ਼ਾਖਾ ਦੇ ਥਾਣੇਦਾਰ ਪਲਵਿੰਦਰ ਸਿੰਘ ਨੇ ਉਨ੍ਹਾਂ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਜਾਨ ਬਚਾ ਕੇ ਉੱਥੋਂ ਭੱਜਣਾ ਪਿਆ। ਪੁਲਿਸ ਹਾਈਕੋਰਟ ਦੇ ਆਦੇਸ਼ ’ਤੇ 2017 ਵਿੱਚ ਦਰਜ ਇੱਕ ਮਾਮਲੇ ਸਬੰਧੀ ਮੁਲਜ਼ਮਾਂ ਨੂੰ ਫੜਨ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਕਿ ਮਹਿਲਾ ਕਿਸ ਵੇਲੇ ਬਲੈਰੋ ’ਤੇ ਚੜ੍ਹ ਗਈ।