ਨਵੀਂ ਦਿੱਲੀ: ਚੈੱਕ ਬਾਊਂਸ ਹੋਣਾ ਆਮ ਜਿਹੀ ਗੱਲ ਹੈ ਤੇ ਇਸ ਤੋਂ ਬਾਅਦ ਦੇਣਦਾਰ ਪੈਸਾ ਦੇਣ ਵਿੱਚ ਨਾਂਹ-ਨੁੱਕਰ ਜਿਹੀ ਕਰਦਾ ਹੈ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹੇ ਸਮੇਂ ਕੀ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਚੈੱਕ ਬਾਊਂਸ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ।


ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਚੈੱਕ ਤਿੰਨ ਮਹੀਨੇ ਲਈ ਮੰਨਣਯੋਗ ਹੁੰਦਾ ਹੈ। ਜੇਕਰ ਤੁਸੀਂ ਤਿੰਨ ਮਹੀਨੇ ਤੋਂ ਬਾਅਦ ਚੈੱਕ ਜਮ੍ਹਾਂ ਕਰਵਾਉਣ ਜਾਂਦੇ ਹੋ ਤਾਂ ਉਹ ਖ਼ੁਦ-ਬ-ਖ਼ੁਦ ਬਾਊਂਸ ਹੋ ਜਾਂਦਾ ਹੈ, ਬਲਕਿ ਉਸ ਨੂੰ ਇਨਵੈਲਿਡ ਹੀ ਦੱਸਿਆ ਜਾਵੇਗਾ।

ਚੈੱਕ ਬਾਊਂਸ ਹੋਣ 'ਤੇ ਬੈਂਕ ਵੱਲੋਂ ਇੱਕ ਰਸੀਦ ਦਿੱਤੀ ਜਾਂਦੀ ਹੈ, ਜਿਸ 'ਤੇ ਚੈੱਕ ਬਾਊਂਸ ਹੋਣ ਦਾ ਕਾਰਨ ਲਿਖਿਆ ਹੁੰਦਾ ਹੈ। ਚੈੱਕ ਬਾਊਂਸ ਹੋਣ ਦਾ ਸਭ ਤੋਂ ਵੱਡੀ ਵਜ੍ਹਾ ਉਦੋਂ ਹੁੰਦੀ ਹੈ, ਜਦੋਂ ਚੈੱਕ ਜਾਰੀ ਕਰਨ ਵਾਲੇ ਦੇ ਖਾਤੇ ਵਿੱਚ ਪੈਸੇ ਮੌਜੂਦ ਨਹੀਂ ਹੁੰਦੇ। ਅਜਿਹੇ ਵਿੱਚ, ਚੈੱਕ ਬਾਊਂਸ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ, ਦੇਣਦਾਰ ਨੂੰ ਲੀਗਲ ਨੋਟਿਸ ਭੇਜਿਆ ਜਾ ਸਕਦਾ ਹੈ।

ਸਬੰਧਤ ਵਿਅਕਤੀ ਜੇਕਰ ਨੋਟਿਸ ਭੇਜਣ ਤੋਂ ਬਾਅਦ ਪੈਸੇ ਦੇ ਦਿੰਦਾ ਹੈ ਤਾਂ ਠੀਕ ਨਹੀਂ ਤਾਂ ਨੋਟਿਸ ਭੇਜਣ ਤੋਂ 15 ਦਿਨਾਂ ਬਾਅਦ ਆਪਣੀ ਜ਼ਿਲ੍ਹਾ ਅਦਾਲਤ ਵਿੱਚ ਵਕੀਲ ਦੀ ਸਹਾਇਤਾ ਨਾਲ ਕੇਸ ਵੀ ਦਾਇਰ ਕਰ ਸਕਦੇ ਹੋ। ਇਸ ਮਾਮਲੇ ਵਿੱਚ ਅਦਾਲਤ ਜਾਂ ਤਾਂ ਮੁਲਜ਼ਮ ਨੂੰ ਦੋ ਸਾਲ ਦੀ ਸਜ਼ਾ ਸੁਣਾਉਂਦੀ ਹੈ ਤੇ ਜਾਂ ਬਾਊਂਸ ਹੋਏ ਚੈੱਕ ਦੀ ਰਕਮ ਨੂੰ ਦੁੱਗਣਾ ਕਰਨ ਦਾ ਹੁਕਮ ਦੇ ਸਕਦੀ ਹੈ।

ਧਿਆਨ ਰੱਖਣਯੋਗ ਗੱਲਾਂ-

  • ਜੇਕਰ ਚੈੱਕ ਬਾਊਂਸ ਹੋ ਜਾਂਦਾ ਹੈ ਤਾਂ ਤੁਹਾਡਾ ਪੈਸਾ ਨਹੀਂ ਡੁੱਬੇਗਾ।

  • ਯਾਦ ਰੱਖੋ ਕਿ ਚੈੱਕ ਬਾਊਂਸ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ ਕਾਨੂੰਨੀ ਨੋਟਿਸ ਭੇਜਿਆ ਜਾਣਾ ਚਾਹੀਦਾ ਹੈ।

  • ਜੇਕਰ ਦੇਣਦਾਰ ਇਸ ਤੋਂ ਬਾਅਦ ਪੈਸਾ ਵਾਪਸ ਨਹੀਂ ਕਰਦਾ ਤਾਂ ਤੁਸੀਂ 15 ਦਿਨਾਂ ਤੋਂ ਬਾਅਦ ਅਦਾਲਤ ਵਿੱਚ ਕੇਸ ਦਾਇਰ ਕਰ ਸਕਦੇ ਹੋ।

  • ਕੋਰਟ ਵਿੱਚ ਵੱਧ ਤੋਂ ਵੱਧ ਦੋ ਸਾਲਾਂ ਵਿੱਚ ਮਾਮਲਾ ਪੂਰਾ ਹੋ ਜਾਵੇਗਾ।

  • ਅਦਾਲਤ ਦੇਣਦਾਰ ਨੂੰ ਬਣਦੀ ਰਕਮ ਦੀ ਦੁੱਗਣਾ ਰਾਸ਼ੀ ਦੇਣ ਦਾ ਫੈਸਲਾ ਤੁਹਾਡੇ ਪੱਖ ਵਿੱਚ ਸੁਣਾ ਸਕਦੀ ਹੈ।

  • ਇਸ ਲਈ ਤੁਹਾਡਾ ਪੈਸਾ ਨਹੀਂ ਡੁੱਬੇਗਾ।