Chhattisgarh Naxal Attack: ਸ਼ਹੀਦ ਜਵਾਨਾਂ ਦੀ ਸੰਖਿਆ ਵਧ ਕੇ ਹੋਈ 22, ਅਜੇ ਵੀ ਇਕ ਜਵਾਨ ਲਾਪਤਾ
ਪਹਿਲਾਂ ਇਸ ਮਾਮਲੇ 'ਚ ਪੰਜ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਆਈ ਸੀ। ਪਰ ਹੁਣ ਇਹ ਅੰਕੜਾ 22 ਤਕ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜੇ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਸੰਖਿਆ ਹੋਰ ਵਧ ਸਕਦੀ ਹੈ।
ਰਾਏਪੁਰ: ਛੱਤੀਸਗੜ੍ਹ ਦੇ ਬੀਜਾਪੁਰ 'ਚ ਹੋਏ ਨਕਸਲੀ ਹਮਲੇ 'ਚ ਹੁਣ ਤਕ 22 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਥੇ ਹੀ ਇਕ ਜਵਾਨ ਅਜੇ ਵੀ ਲਾਪਤਾ ਹੈ। ਪਹਿਲਾਂ ਇਸ ਮਾਮਲੇ 'ਚ ਪੰਜ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਆਈ ਸੀ ਪਰ ਹੁਣ ਇਹ ਅੰਕੜਾ 22 ਤਕ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜੇ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਸੰਖਿਆ ਹੋਰ ਵਧ ਸਕਦੀ ਹੈ ਕਿਉਂਕਿ ਕਈ ਜਵਾਨ ਅਜੇ ਵੀ ਲਾਪਤਾ ਹਨ।
ਲਾਪਤਾ ਜਵਾਨਾ ਦੀ ਤਲਾਸ਼ ਬੀਜਾਪੁਰ 'ਚ ਤੇਜ਼ ਹੋ ਗਈ ਹੈ। 600 ਜਵਾਨਾ ਦੀ ਬਟਾਲੀਅਨ ਨੰਬਰ ਇਕ ਇਲਾਕੇ 'ਚ ਗਈ ਹੈ। ਇਹ ਇਲਾਕਾ ਖੂੰਖਾਰ ਹਿਡਮਾ ਦਾ ਗੜ੍ਹ ਹੈ। ਇਸ ਲਈ ਇੱਕ ਵਾਰ ਫਿਰ ਤੋਂ ਐਨਕਾਊਂਟਰ ਦਾ ਖਦਸ਼ਾ ਜਤਾਇਆ ਗਿਆ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ 'ਤੇ ਨਜ਼ਰ ਬਣਾਈ ਹੋਈ ਹੈ।
ਸੂਬੇ ਦੇ ਨਕਸਲ ਵਿਰੋਧੀ ਅਭਿਆਨ ਦੇ ਡੀਜੀਪੀ ਓਪੀ ਲਾਲ ਨੇ ਦੱਸਿਆ ਸੀ ਮੁਕਾਬਲੇ 'ਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ ਤੇ 32 ਹੋਰ ਜ਼ਖ਼ਮੀ ਹੋਏ ਹਨ ਪਰ ਹੁਣ ਸ਼ਹੀਦ ਹੋਣ ਵਾਲੇ ਜਵਾਨਾਂ ਦਾ ਅੰਕੜਾ ਵਧ ਗਿਆ ਹੈ। ਪਾਲ ਨੇ ਦੱਸਿਆ ਸ਼ੁੱਕਰਵਾਰ ਰਾਤ ਨੂੰ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਕੋਬਰਾ ਬਟਾਲੀਅਨ, ਡੀਆਰਜੀ ਤੇ ਐਸਟੀਐਫ ਦੇ ਸੰਯੁਕਤ ਦਲ ਨੂੰ ਨਕਸਲ ਵਿਰੋਧੀ ਅਭਿਆਨ 'ਚ ਰਵਾਨਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਨਕਸਲ ਵਿਰੋਧੀ ਅਭਿਆਨ 'ਚ ਬੀਜਾਪੁਰ ਜ਼ਿਲ੍ਹੇ ਦੇ ਓਸੂਰ ਤੇ ਪਾਮੇੜ ਤੋਂ ਤੇ ਸੁਕਮਾ ਜ਼ਿਲ੍ਹੇ ਦੇ ਮਿਨਪਾ ਤੇ ਨਰਸਾਪੁਰਮ ਤੋਂ ਕਰੀਬ ਦੋ ਹਜ਼ਾਰ ਜਵਾਨ ਸ਼ਾਮਲ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਲਗਪਗ 12 ਵਜੇ ਬੀਜਾਪੁਰ-ਸੁਕਮਾ ਜ਼ਿਲ੍ਹੇ ਦੀ ਸੀਮਾ 'ਤੇ ਸੁਕਮਾ ਜ਼ਿਲ੍ਹੇ ਦੇ ਜਗਰਗੁੰਡਾ ਥਾਣਾ ਖੇਤਰ ਦੇ ਅੰਤਰਗਤ ਜੋਨਾਗੁਰਾ ਪਿੰਡ ਦੇ ਕਰੀਬ ਨਕਸਲੀਆਂ ਦੀ ਪੀਐਲਜੀਏ ਬਟਾਲੀਅਨ ਤੇ ਤਰੇਰਮ ਦੇ ਸੁਰੱਖਿਆ ਬਲਾਂ ਦੇ ਵਿਚ ਮੁਕਾਬਲਾ ਹੋਇਆ। ਮੁਕਾਬਲਾ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲਿਆ।
ਪਾਲ ਨੇ ਦੱਸਿਆ ਕਿ ਅਜੇ ਤਕ ਮਿਲੀ ਜਾਣਕਾਰੀ ਮੁਤਾਬਕ ਮੁਕਾਬਲੇ 'ਚ ਕੋਬਰਾ ਬਟਾਲੀਅਨ ਦਾ ਇਕ ਜਵਾਨ, ਬਸਤਰੀਆ ਬਟਾਲੀਅਨ ਦੇ ਦੋ ਜਵਾਨਾਂ ਤੇ ਡੀਆਰਜੀ ਦੇ ਦੋ ਜਵਾਨਾਂ ਦੀ ਮੌਤ ਹੋਈ ਹੈ। ਇਸ ਦੌਰਾਨ 32 ਜਵਾਨ ਜ਼ਖ਼ਮੀ ਹੋਏ ਹਨ। ਮੁਕਾਬਲੇ 'ਚ ਨਕਸਲੀਆਂ ਨੂੰ ਵੀ ਕਾਫੀ ਨੁਕਸਾਨ ਹੋਣ ਦੀ ਖ਼ਬਰ ਹੈ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਘਟਨਾਸਥਾਨ ਤੋਂ ਬਾਹਰ ਕੱਢਣ 'ਤੇ ਸਥਿਤੀ ਦੀ ਸਮੀਖਿਆ ਲਈ ਪੁਲਿਸ ਮਹਾਂਨਿਰਦੇਸ਼ਕ ਡੀਐਮ ਅਵਸਥੀ, ਨਕਸਲ ਅਭਿਆਨ ਤੇ ਭਾਰਤੀ ਹਵਾਈ ਫੌਜ ਦੇ ਟਾਸਕ ਫੋਰਸ ਕਮਾਂਡਰ ਤੇ ਹੋਰ ਅਧਿਕਾਰੀਆਂ ਨੇ ਸਮੀਖਿਆ ਕੀਤੀ।
ਪੀਐਮ ਨਰੇਂਦਰ ਮੋਦੀ ਨੇ ਜਤਾਇਆ ਸੋਗ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਛੱਤੀਸਗੜ 'ਚ ਨਕਸਲੀਆਂ ਦੇ ਨਾਲ ਮੁਕਾਬਲੇ 'ਚ ਸੁਰੱਖਿਆ ਬਲਾਂ ਦੇ ਸ਼ਹੀਦ ਹੋਣ 'ਤੇ ਸੋਗ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬਲੀਦਾਨ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਉਨ੍ਹਾਂ ਟਵੀਟ 'ਚ ਕਿਹਾ, 'ਮੇਰੀਆਂ ਸੰਵੇਦਨਾਵਾਂ ਛੱਤੀਸਗੜ੍ਹ 'ਚ ਮਾਓਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਹਨ। ਵੀਰ ਸ਼ਹੀਦਾਂ ਦੇ ਬਲੀਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ। ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।