ਛੱਤੀਸਿੰਘ ਪੁਰਾ ਕਤਲੇਆਮ: 21 ਵਰ੍ਹਿਆਂ ਤੋਂ ਸਿੱਖਾਂ ਨੂੰ ਇਨਸਾਫ਼ ਦੀ ਉਡੀਕ
21 ਵਰ੍ਹੇ ਪਹਿਲਾਂ ਜੰਮੂ-ਕਸ਼ਮੀਰ ਦੇ ਪਿੰਡ ਛੱਤੀਸਿੰਘ ਪੁਰਾ ’ਚ 35 ਸਿੱਖਾਂ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ ਪਰ ਹਾਲੇ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: 21 ਵਰ੍ਹੇ ਪਹਿਲਾਂ ਜੰਮੂ-ਕਸ਼ਮੀਰ ਦੇ ਪਿੰਡ ਛੱਤੀਸਿੰਘ ਪੁਰਾ ’ਚ 35 ਸਿੱਖਾਂ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ ਪਰ ਹਾਲੇ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਹੁਣ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿੱਖਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਯੂਟੀ ਪ੍ਰਸ਼ਾਸਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ 20 ਮਾਰਚ, 2000 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਛੱਤੀਸਿੰਘਪੁਰਾ (ਜਿਸ ਨੂੰ ਚਿੱਟੀਸਿੰਘਪੁਰਾ ਵੀ ਆਖਿਆ ਜਾਂਦਾ ਹੈ) ’ਚ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਬਹੁਗਿਣਤੀ ਵਾਲੇ ਇਸ ਪਿੰਡ ਉੱਤੇ ਅਚਾਨਕ ਹਮਲਾ ਬੋਲ ਦਿੱਤਾ ਸੀ। ਉਨ੍ਹਾਂ ਹਮਲਾਵਰਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ।
ਭਾਰਤ ਸਰਕਾਰ ਹੁਣ ਤੱਕ ਇਸ ਕਤਲੇਆਮ ਪਿੱਛੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ‘ਲਸ਼ਕਰ-ਏ-ਤੋਇਬਾ’ ਦਾ ਹੱਥ ਦੱਸਦੀ ਰਹੀ ਹੈ। ਕੁਝ ਸਥਾਨਕ ਆਗੂਆਂ ਵੱਲੋਂ ਕਥਿਤ ਦੋਸ਼ ਲੱਗਦੇ ਰਹੇ ਹਨ ਕਿ ‘ਭਾਰਤੀ ਫ਼ੌਜ ਦੇ ਹੀ ਕੁਝ ਅਧਿਕਾਰੀਆਂ ਨੇ ਇਹ ਕਤਲ ਕਾਂਡ ਕਰਵਾਇਆ ਸੀ।’ ਇਹੋ ਜਿਹੇ ਦੋਸ਼ ਇਸ ਲਈ ਲੱਗਦੇ ਰਹੇ ਹਨ ਕਿਉਂਕਿ ਹਮਲਾਵਰ ਫ਼ੌਜੀ ਵਾਹਨਾਂ ’ਚ ਇਸ ਪਿੰਡ ਆਏ ਸਨ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਸਿੱਖਾਂ ਨੂੰ ਕਦੇ ਵੀ ਇੰਝ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।
ਜਦੋਂ ਇਹ ਕਤਲੇਆਮ ਹੋ ਰਿਹਾ ਸੀ, ਉਸ ਤੋਂ ਸਿਰਫ਼ ਇੱਕ ਦਿਨ ਪਹਿਲਾਂ 19 ਮਾਰਚ ਨੂੰ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੇ 7 ਦਿਨਾ ਦੌਰੇ ’ਤੇ ਦਿੱਲੀ ਅੱਪੜੇ ਸਨ। ਉਹ 25 ਮਾਰਚ ਤੱਕ ਦੇਸ਼ ਵਿੱਚ ਰਹੇ ਸਨ। ਦਰਅਸਲ, ਅੱਤਵਾਦੀ ਅਜਿਹੀ ਘਿਨਾਉਣੀ ਵਾਰਦਾਤ ਕਰ ਕੇ ਕੌਮਾਂਤਰੀ ਪੱਧਰ ਉੱਤੇ ਕਸ਼ਮੀਰ ਮੁੱਦਾ ਉਛਾਲਣਾ ਚਾਹੁੰਦੇ ਸਨ। ਖ਼ੈਰ, ਹਾਲੇ ਤੱਕ ਇਹ ਇੱਕ ਭੇਤ ਹੀ ਹੈ ਕਿ ਛੱਤੀਸਿੰਘਪੁਰਾ ’ਚ 35 ਬੇਕਸੂਰ ਸਿੱਖਾਂ ਦੇ ਕਤਲਾਂ ਲਈ ਕੌਣ ਜ਼ਿੰਮੇਵਾਰ ਸੀ?
‘ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ’ (APSCC) ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਜਨਤਾ, ਖ਼ਾਸ ਕਰਕੇ ਸਿੱਖ ਹਾਲੇ ਵੀ ਇਨਸਾਫ਼ ਦੀ ਉਡੀਕ ’ਚ ਹਨ। ਉਨ੍ਹਾਂ ਕਿਹਾ ਕਿ ਤਦ ਸਰਕਾਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਸ ਹਿੰਸਕ ਵਾਰਦਾਤ ਪਿੱਛੇ ਮੌਜੂਦ ਅੱਤਵਾਦੀ ਇੱਕ ਮੁਕਾਬਲੇ ’ਚ ਮਾਰੇ ਗਏ ਸਨ ਤੇ ਉਹ ਇੱਕ ਘਰ ਨੂੰ ਅੱਗ ਲੱਗਣ ਕਾਰਣ ਜਿਊਂਦੇ ਸੜ ਗਏ ਸਨ। ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਹਾਲੇ ਤੱਕ ਇਹ ਪੱਕਾ ਨਹੀਂ ਹੈ ਕਿ ਤਦ ਮਾਰੇ ਗਏ ਅੱਤਵਾਦੀ ਛੱਤੀਸਿੰਘਪੁਰਾ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸਨ ਵੀ ਕਿ ਨਹੀਂ। ਉਨ੍ਹਾਂ ਇਸ ਮਾਮਲੇ ਦੀ ਹੁਣ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਹੈ।