ਨਵੀਂ ਦਿੱਲੀ: ਕੋਰੋਨਾ ਤੋਂ ਪ੍ਰਭਾਵਿਤ ਅੰਡਰਵਰਲਡ ਡਾਨ ਛੋਟਾ ਰਾਜਨ ਦੀ ਮੌਤ ਦੀ ਖ਼ਬਰ ਝੂਠੀ ਸਾਬਤ ਹੋਈ ਹੈ। ਛੋਟਾ ਰਾਜਨ ਦੀ ਮੌਤ ਦੀ ਖ਼ਬਰ ਨੂੰ ਝੂਠਾ ਕਰਾਰ ਦਿੰਦਿਆਂ, ਦਿੱਲੀ ਦੇ ਏਮਜ਼ ਹਸਪਤਾਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਹ ਜ਼ਿੰਦਾ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਈ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਛੋਟਾ ਰਾਜਨ ਦੀ ਮੌਤ ਕੋਰੋਨਾ ਤੋਂ ਹੋਈ ਹੈ। 62 ਸਾਲਾ ਛੋਟਾ ਰਾਜਨ ਨੂੰ ਕੋਰੋਨਾ ਨਾਲ ਲਾਗ ਲੱਗਣ ਤੋਂ ਬਾਅਦ 25 ਅਪ੍ਰੈਲ ਨੂੰ ਤਿਹਾੜ ਜੇਲ੍ਹ ਤੋਂ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।


ਛੋਟਾ ਰਾਜਨ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਉਸਨੂੰ ਤਕਰੀਬਨ 4 ਕੇਸਾਂ ਵਿੱਚ ਅਦਾਲਤ ਨੇ ਸਜ਼ਾ ਸੁਣਾਈ ਹੈ। ਛੋਟਾ ਰਾਜਨ ਉਰਫ ਸਦਾਸ਼ਿਵ ਨੂੰ ਤਿਹਾੜ ਜੇਲ੍ਹ ਕੰਪਲੈਕਸ ਦੀ ਜੇਲ ਨੰਬਰ 2 'ਚ ਸੁਰੱਖਿਅਤ ਵਾਰਡ ਵਿੱਚ ਰੱਖਿਆ ਗਿਆ ਸੀ। ਉਸ ਨੂੰ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਏਮਜ਼ ਲਿਆਂਦਾ ਗਿਆ।


ਦੱਸ ਦਈਏ ਕਿ ਛੋਟਾ ਰਾਜਨ ਅਤੇ ਦਾਊਦ ਇਬਰਾਹਿਮ ਇਕੋ ਗਿਰੋਹ ਵਿਚ ਹੁੰਦੇ ਸੀ, ਪਰ ਦਾਊਦ ਦੇ ਭਾਰਤ ਵਿਰੋਧੀ ਤਾਕਤਾਂ ਵਿਚ ਸ਼ਾਮਲ ਹੋਣ ਤੋਂ ਬਾਅਦ ਛੋਟਾ ਰਾਜਨ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਛੋਟਾ ਰਾਜਨ 'ਤੇ ਦਾਊਦ ਦੇ ਬੰਦਿਆਂ ਨੇ ਬੈਂਕਾਕ ਵਿੱਚ ਹਮਲਾ ਵੀ ਕੀਤਾ, ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸਦੇ ਪੇਟ ਦੀ ਇੱਕ ਅਹਿਮ ਅੰਤੜੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।


ਇਸ ਤੋਂ ਬਾਅਦ ਛੋਟਾ ਰਾਜਨ ਨੂੰ ਸੀਬੀਆਈ ਵਲੋਂ ਜਾਰੀ ਕੀਤੇ ਇੰਟਰਪੋਲ ਰੈਡ ਕਾਰਨਰ ਨੋਟਿਸ ਦੇ ਅਧਾਰ 'ਤੇ ਮਲੇਸ਼ੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2015 ਵਿੱਚ ਉਸਨੂੰ ਭਾਰਤ ਲਿਆਂਦਾ ਗਿਆ ਸੀ।


ਭਾਰਤ ਲਿਆਂਦੇ ਜਾਣ ਦੇ ਬਾਵਜੂਦ ਉਸਨੂੰ ਸੁਰੱਖਿਆ ਕਾਰਨਾਂ ਕਰਕੇ ਮੁੰਬਈ ਦੀਆਂ ਜੇਲ੍ਹਾਂ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਇਹ ਖਦਸ਼ਾ ਸੀ ਕਿ ਦਾਊਦ ਦੇ ਹਮਾਇਤੀ ਸਮੂਹ ਉਸ ਖ਼ਿਲਾਫ਼ ਸਾਜ਼ਿਸ਼ ਰਚ ਸਕਦੇ ਹਨ ਅਤੇ ਮੁੰਬਈ ਜੇਲ੍ਹ ਵਿੱਚ ਉਸ 'ਤੇ ਹਮਲਾ ਹੋ ਸਕਦਾ ਹੈ। ਇਸ ਖਦਸ਼ੇ ਦੇ ਮੱਦੇਨਜ਼ਰ ਛੋਟੇ ਰਾਜਨ ਨੂੰ ਸਾਰੇ ਮਾਮਲਿਆਂ ਦੀ ਸਜ਼ਾ ਦਾ ਸਾਹਮਣਾ ਕਰਨ ਲਈ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਕਾਂਗਰਸੀ ਲੀਡਰ ਦੀ ਦੇਸ਼ ਭਰ 'ਚ ਚਰਚਾ, ਕੋਰੋਨਾ 'ਚ ਲੋਕਾਂ ਦਾ ਮਸੀਹਾ ਬਣ ਉੱਭਰਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904