ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ ‘ਚ ਸੀਬੀਆਈ ਵਿਸ਼ੇਸ਼ ਅਦਾਲਤ ਤੋਂ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਵੀਰਵਾਰ ਰਾਹਤ ਨਹੀਂ ਮਿਲੀ। ਸੀਬੀਆਈ ਕੋਰਟ ਨੇ ਉਨ੍ਹਾਂ ਨੂੰ 26 ਅਗਸਤ ਤਕ ਰਿਮਾਂਡ ‘ਤੇ ਭੇਜ ਦਿੱਤਾ ਹੈ। ਸੀਬੀਆਈ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ ਤੇ ਚਿਦੰਬਰਮ ਨੂੰ ਮੁੜ ਸੋਮਵਾਰ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਉਧਰ, ਏਅਰਸੈਲ ਮੈਕਸਿਸ ਕੇਸ ‘ਚ ਵੀ ਚਿਦੰਬਰਮ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ ਅੱਜ ਖ਼ਤਮ ਹੋ ਰਹੀ ਹੈ।


ਸੂਤਰਾਂ ਮੁਤਾਬਕ ਕੋਰਟ ਤੋਂ ਰਿਮਾਂਡ ਦੀ ਇਜਾਜ਼ਤ ਮਿਲਣ ਤੋਂ ਬਾਅਦ ਸੀਬੀਆਈ ਚਿਦੰਬਰਮ ਤੋਂ ਤਿੰਨ ਪੜਾਅ ‘ਚ ਪੁੱਛਗਿੱਛ ਕਰੇਗੀ। ਪਹਿਲਾ ਹੁਣ ਤਕ ਜਾਂਚ ਦੌਰਾਨ ਸਾਹਮਣੇ ਆਏ ਮੁਲਜ਼ਮਾਂ, ਗਵਾਹਾਂ ਤੇ ਸਬੂਤਾਂ ਦੇ ਆਧਾਰ ‘ਤੇ ਸਵਾਲ ਤਿਆਰ ਕੀਤੇ ਗਏ ਹਨ। ਦੂਜਾ ਦਸਤਾਵੇਜ਼ ਦਿਖਾ ਕੇ ਚਿਦੰਬਰਮ ਤੋਂ ਪੁੱਛਗਿੱਛ ਹੋਵੇਗੀ। ਤੀਜੇ ਗੇੜ ‘ਚ ਜ਼ਰੂਰੀ ਹੋਣ ‘ਤੇ ਕੁਝ ਲੋਕਾਂ ਨਾਲ ਚਿਦੰਬਰਮ ਦਾ ਆਹਮੋ ਸਾਹਮਣਾ ਕਰਵਾਇਆ ਜਾ ਸਕਦਾ ਹੈ।

ਚਿਦੰਬਰਮ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ‘ਚ ਅਪੀਲ ਕੀਤੀ ਸੀ। ਉਸ ‘ਤੇ ਅੱਜ ਸੁਪਰੀਮ ਕੋਰਟ ‘ਚ ਦੋ ਜੱਜਾਂ ਦੀ ਬੈਂਚ ਸੁਣਵਾਈ ਕਰੇਗੀ ਜਦਕਿ ਉਸ ਤੋਂ ਪਹਿਲਾਂ ਚਿਦੰਬਰਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। INX ਮੀਡੀਆ ਮਾਮਲੇ ‘ਚ ਚਿਦੰਬਰਮ ਦੀ ਅਰਜ਼ੀ ‘ਤੇ 12 ਵਜੇ ਜੱਜ ਆਰ ਭਾਨੂੰਮਤੀ ਤੇ ਜੱਜ ਏ.ਐਸ ਬੋਪੰਨਾ ਦੀ ਬੈਂਚ ਸੁਣਵਾਈ ਕਰੇਗੀ।

ਸੁਣਵਾਈ ਲਈ ਚਿਦੰਬਰਮ ਦੀਆਂ ਦੋ ਅਰਜ਼ੀਆਂ ਹਨ, ਪਹਿਲੀ ਅਰਜ਼ੀ ਸੀਬੀਆਈ ਦੀ ਗ੍ਰਿਫ਼ਤਾਰੀ ਤੋਂ ਰਾਹਤ ਦੀ ਮੰਗ ਨਾਲ ਜੁੜੀ ਹੈ ਤੇ ਦੂਜੀ ਅਰਜ਼ੀ ਈਡੀ ਦੀ ਗ੍ਰਿਫ਼ਤਾਰੀ ਤੋਂ ਬਚਣ ਦੀ। ਸੀਬੀਆਈ ਪਹਿਲਾਂ ਹੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਅਜਿਹੇ ‘ਚ ਸੁਪਰੀਮ ਕੋਰਟ ‘ਚ ਪਟੀਸ਼ਨ ਦੀ ਕੋਈ ਖਾਸ ਅਹਿਮੀਅਤ ਨਹੀਂ ਹੈ।