ਹਿਮਾਚਲ 'ਚ ਸਿੱਖ ਸ਼ਰਧਾਲੂਆਂ ਦੇ ਵਾਹਨਾਂ ਤੋਂ ਝੰਡੇ ਲਾਹੁਣ 'ਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਸਟੈਂਡ, ਪਾਬੰਦੀਸ਼ੁਦਾ ਝੰਡੇ ਵਾਲੀਆਂ ਗੱਡੀਆਂ ਰੋਕੀਆਂ
ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸ਼ਰਧਾਲੂਆਂ ਦੇ ਵਾਹਨਾਂ ਤੋਂ ਝੰਡੇ ਲਾਹੁਣ 'ਤੇ ਵਿਵਾਦ ਛਿੜ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਬਾਰੇ ਸਖਤ ਸਟੈਂਡ ਲਿਆ ਹੈ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸ਼ਰਧਾਲੂਆਂ ਦੇ ਵਾਹਨਾਂ ਤੋਂ ਝੰਡੇ ਲਾਹੁਣ 'ਤੇ ਵਿਵਾਦ ਛਿੜ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਬਾਰੇ ਸਖਤ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਪਾਬੰਦੀਸ਼ੁਦਾ ਝੰਡੇ ਲਾ ਕੇ ਕੁਝ ਗੱਡੀਆਂ ਹਿਮਾਚਲ 'ਚ ਦਾਖਲ ਹੋ ਰਹੀਆਂ ਸੀ। ਇਨ੍ਹਾਂ ਵਾਹਨਾਂ 'ਚ ਸਵਾਰ ਨੌਜਵਾਨ ਪਾਬੰਦੀਸ਼ੁਦਾ ਝੰਡੇ ਗੱਡੀ 'ਤੇ ਲਾ ਕੇ ਨਿਡਰ ਘੁੰਮ ਰਹੇ ਸੀ। ਇਨ੍ਹਾਂ ਝੰਡਿਆਂ ਵਿੱਚ ਹਥਿਆਰਾਂ ਤੋਂ ਇਲਾਵਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਸੀ। ਪੰਜਾਬ ਦੇ ਅਜਿਹੇ ਵਾਹਨਾਂ ਨੂੰ ਹਿਮਾਚਲ ਦੇ ਊਨਾ ਤੇ ਮੰਡੀ ਜ਼ਿਲ੍ਹੇ 'ਚ ਰੋਕਿਆ ਗਿਆ ਹੈ।
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਗਿਆ ਹੈ। ਸੂਬਾ ਸਰਕਾਰ ਵੀ ਪੂਰੀ ਤਰ੍ਹਾਂ ਗੰਭੀਰ ਹੈ, ਇਸ ਮਾਮਲੇ 'ਤੇ ਕਾਨੂੰਨ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਪਿੱਛੇ ਦੇਸ਼ ਵਿਰੋਧੀ ਅਨਸਰਾਂ ਦਾ ਹੱਥ ਹੈ ਤੇ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨਾਲ ਗੱਲਬਾਤ ਹੋ ਚੁੱਕੀ ਹੈ। ਅਸੀਂ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ।
ਦੱਸ ਦਈਏ ਕਿ ਪੁਲਿਸ ਨੇ ਅਜਿਹੇ ਚਾਰ ਪਹੀਆ ਵਾਹਨ ਤੇ ਦੋਪਹੀਆ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਵਿਵਾਦ ਵਧ ਗਿਆ। ਇਸ ਮਗਰੋਂ ਪੰਜਾਬ ਵਿੱਚ ਹਿਮਾਚਲ ਨੰਬਰ ਦੀਆਂ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ। ਇਹ ਮਾਮਲਾ ਦੋ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ।