ਚੁਫੇਰਿਓਂ ਵਿਰੋਧ ਤੇ ਸੁਪਰੀਮ ਕੋਰਟ ਦੀ ਝਾੜ ਦੇ ਬਾਵਜੂਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਹੀ ਵੱਡੀ ਗੱਲ
ਵਿਰੋਧੀ ਪਾਰਟੀਆਂ ਦੀ ਅਲੋਚਨਾ ਤੇ ਸੁਪਰੀਮ ਕੋਰਟ ਦੀ ਝਾੜ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕਿਸੇ ਦਬਾਅ ’ਚ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਲਖਨਾਉ: ਵਿਰੋਧੀ ਪਾਰਟੀਆਂ ਦੀ ਅਲੋਚਨਾ ਤੇ ਸੁਪਰੀਮ ਕੋਰਟ ਦੀ ਝਾੜ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕਿਸੇ ਦਬਾਅ ’ਚ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਲੋੜੀਂਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤ ਅਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਨਾ ਹੋਣ ਸਬੰਧੀ ਯੋਗੀ ਨੇ ਕਿਹਾ ਕਿ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਦੀ ਕਿਸੇ ਨੂੰ ਖੁੱਲ੍ਹ ਨਹੀਂ ਪਰ ਕਿਸੇ ਦਬਾਅ ’ਚ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਮੰਦਭਾਗੀ ਘਟਨਾ ਹੈ ਤੇ ਸਰਕਾਰ ਇਸ ਦੀ ਜਾਂਚ ਲਈ ਹਰ ਤਹਿ ਤੱਕ ਜਾਵੇਗੀ।
ਉਧਰ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਦੇ ਕਾਨੂੰਨ ਵਿੱਚ ਪੂਰਾ ਭਰੋਸਾ ਹੈ ਤੇ ਉਨ੍ਹਾਂ ਦਾ ਪੁੱਤ ਆਸ਼ੀਸ਼ ਮਿਸ਼ਰਾ ਪੂਰੀ ਤਰ੍ਹਾਂ ਬੇਕਸੂਰ ਹੈ। ਉਨ੍ਹਾਂ ਕਿਹਾ ਕਿ ਆਸ਼ੀਸ਼ ਸ਼ਨਿਚਰਵਾਰ ਨੂੰ ਪੁਲਿਸ ਅੱਗੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋ ਜਾਵੇਗਾ। ਉਨ੍ਹਾਂ ਕਿਹਾ ਇਹ ਭਾਜਪਾ ਦੀ ਸਰਕਾਰ ਹੈ ਜਿਸ ਸਾਹਮਣੇ ਸਾਰੇ ਬਰਾਬਰ ਹਨ ਤੇ ਜੇ ਕੋਈ ਦੋਸ਼ੀ ਹੋਇਆ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ।
ਦੱਸ ਦਈਏ ਕਿ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਖਾਸੀ ਝਾੜ-ਝੰਬ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਰਾਜ ਦਾ ਸਰਕਾਰ ਰਵੱਈਆ ਤਸੱਲੀਬਖ਼ਸ਼ ਨਹੀਂ।
ਸਰਵਉੱਚ ਅਦਾਲਤ ਨੇ ਕਿਹਾ ਕਿ ਜੇ ਧਾਰਾ 302 ਤਹਿਤ ਕੇਸ ਕੀਤਾ ਗਿਆ ਸੀ ਤਾਂ ਮੁਲਜ਼ਮ ਹਾਲੇ ਤੱਕ ਫ਼ਰਾਰ ਕਿਉਂ ਹੈ। ਕੀ ਪੁਲਿਸ ਇਸ ਧਾਰਾ ਤਹਿਤ ਦਰਜ ਮਾਮਲਿਆਂ ਵਿੱਚ ਹਮੇਸ਼ਾਂ ਇਸੇ ਤਰ੍ਹਾਂ ਕਰਦੀ ਹੈ। ਕੇਸ ਵਿੱਚ ਵੱਡੇ ਵੱਡੇ ਨਾਂ ਸ਼ਾਮਲ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਬੜੀ ਚੌਕਸੀ ਨਾਲ ਕਰਨੀ ਪਵੇਗੀ। ਇਸ ਲਈ ਸਰਕਾਰ ਕੇਸ ਨਾਲ ਸਬੰਧ ਸਬੂਤਾਂ ਛੇੜਖਾਨੀ ਨਾ ਹੋਣ ਦਾ ਢੁਕਵਾਂ ਇੰਤਜ਼ਾਮ ਕਰੇ।