ਨਵੀਂ ਦਿੱਲੀ: ਦੇਸ਼ ਭਰ ਵਿੱਚ ਉਡੀਕ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਕਦੋਂ ਕੋਰੋਨਾ ਵੈਕਸੀਨ ਲੱਗੇਗੀ ਤਾਂ ਜੋ ਉਨ੍ਹਾਂ ਨੂੰ ਸਕੂਲ ਭੇਜਿਆ ਜਾ ਸਕੇ। ਸਰਕਾਰ ਨੇ ਸਕੂਲ ਖੋਲ੍ਹ ਦਿੱਤੇ ਹਨ ਪਰ ਮਾਪੇ ਬਗੈਰ ਵੈਕਸੀਨ ਬੱਚਿਆਂ ਨੂੰ ਸਕੂਲ ਭੇਜਣ ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਦੂਜੇ ਪਾਸੇ ਕੇਂਦਰ ਸਰਕਾਰ ਨੇ ਅਜੇ ਤਕ ਬੱਚਿਆਂ ਦੇ ਟੀਕਾਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ।


ਇਹ ਵੀ ਪਤਾ ਲੱਗਾ ਹੈ ਕਿ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਕੋਈ ਰਣਨੀਤੀ ਨਹੀਂ ਬਣਾਈ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਅਜੇ ਤਕ ਕੋਈ ਵਿਚਾਰ ਨਹੀਂ ਕੀਤਾ ਗਿਆ। ਦੱਸ ਦਈਏ ਕਿ ਦੁਨੀਆਂ ਦੇ ਕਈ ਵੱਡੇ ਦੇਸ਼ਾਂ ਨੇ ਬੂਸਟਰ ਖੁਰਾਕਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਭਾਰਤ 'ਚ ਸਥਿਤੀ ਵੱਖਰੀ ਹੈ।

ਸਰਕਾਰੀ ਅਧਿਕਾਰੀਆਂ ਦੀ ਮੰਨੀਏ ਤਾਂ ਭਾਰਤ ਵਿੱਚ ਨਾ ਤਾਂ ਅਮਰੀਕਾ-ਬ੍ਰਿਟੇਨ ਦੀ ਤਰ੍ਹਾਂ ਕੋਰੋਨਾ ਦਾ ਸੰਕਰਮਣ ਵਧ ਰਿਹਾ ਹੈ ਤੇ ਨਾ ਹੀ ਬੱਚਿਆਂ 'ਚ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੈ। ਦੇਸ਼ ਦੇ 18 ਕਰੋੜ ਬਾਲਗ ਮਤਲਬ 18+ ਹਨ, ਜਿਨ੍ਹਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਵੀ ਨਹੀਂ ਮਿਲੀ। ਬੂਸਟਰ ਡੋਜ਼ ਦਾ ਫ਼ੈਸਲਾ ਟੀਕਾਕਰਨ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ।

ਆਧਾਰ ਦੇ ਅੰਕੜਿਆਂ ਮੁਤਾਬਕ ਦੇਸ਼ 'ਚ 95 ਕਰੋੜ ਲੋਕ 18 ਸਾਲ ਤੋਂ ਵੱਧ ਉਮਰ ਦੇ ਹਨ। ਇਨ੍ਹਾਂ 'ਚੋਂ 77 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਮਿਲ ਚੁੱਕੀ ਹੈ, ਜਦਕਿ 41 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੂਜੀ ਡੋਜ਼ ਮਿਲ ਚੁੱਕੀ ਹੈ। ਮਤਲਬ ਕਿ 18 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਅਜੇ ਤਕ ਪਹਿਲੀ ਖੁਰਾਕ ਵੀ ਨਹੀਂ ਮਿਲੀ। ਅਜਿਹੇ 'ਚ ਉਨ੍ਹਾਂ ਦਾ ਟੀਕਾਕਰਨ ਕਰਨਾ ਸਰਕਾਰ ਦੀ ਪਹਿਲ ਹੈ। ਬੂਸਟਰ ਡੋਜ਼ 'ਤੇ ਫ਼ੈਸਲਾ ਲੈਣ ਲਈ ਅਜੇ ਤਕ ਕੋਈ ਠੋਸ ਆਧਾਰ ਨਹੀਂ।

ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਬ੍ਰਿਟੇਨ ਸਮੇਤ ਦੁਨੀਆਂ ਭਰ ਦੇ ਪ੍ਰਮੁੱਖ ਦੇਸ਼ਾਂ 'ਚ ਔਸਤਨ ਹਰ 10 ਲੱਖ ਸੰਕਰਮਿਤ ਬੱਚਿਆਂ 'ਚੋਂ ਸਿਰਫ਼ 2 ਬੱਚਿਆਂ ਦੀ ਮੌਤ ਹੋਈ ਹੈ। ਮਤਲਬ ਬੱਚਿਆਂ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨਾ ਦੇ ਬਰਾਬਰ ਹੈ। ਭਾਰਤ 'ਚ 180 ਕਰੋੜ ਬਾਲਗਾਂ ਨੂੰ ਅਜੇ ਤਕ ਪਹਿਲੀ ਖੁਰਾਕ ਨਹੀਂ ਮਿਲੀ ਹੈ। ਦੂਜੇ ਪਾਸੇ ਕੋਰੋਨਾ ਦੀ ਲਾਗ ਵੀ ਲਗਾਤਾਰ ਘੱਟ ਰਹੀ ਹੈ, ਇਸ ਲਈ ਮਾਹਰਾਂ ਨੂੰ ਲੱਗਦਾ ਕਿ ਬੂਸਟਰ ਡੋਜ਼ ਤਕਨੀਕੀ ਤੌਰ 'ਤੇ ਫਿਲਹਾਲ ਜ਼ਰੂਰੀ ਨਹੀਂ।

ਬ੍ਰਿਟਿਸ਼ ਵੀਕਲੀ ਸਾਇੰਟਿਫਿਕ ਜਰਨਲ 'ਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਔਸਤਨ, ਬ੍ਰਿਟੇਨ 'ਚ ਹਰ 10 ਲੱਖ ਸੰਕਰਮਿਤ ਬੱਚਿਆਂ ਵਿੱਚੋਂ ਸਿਰਫ਼ 2 ਨੂੰ ਬਚਾਇਆ ਨਹੀਂ ਜਾ ਸਕਿਆ। ਇਹੀ ਰੁਝਾਨ ਯੂਰਪ ਦੇ ਹੋਰ ਦੇਸ਼ਾਂ ਵਿੱਚ ਵੀ ਹੈ। ਦੂਜੇ ਪਾਸੇ ਭਾਰਤ 'ਚ ਹਾਲ ਹੀ ਵਿੱਚ ਹੋਏ ਸੀਰੋ ਸਰਵੇਖਣ 'ਚ ਇਹ ਸਾਹਮਣੇ ਆਇਆ ਹੈ ਕਿ 70% ਬੱਚਿਆਂ 'ਚ ਐਂਟੀਬਾਡੀਜ਼ ਹਨ। ਮਤਲਬ ਉਹ ਇਕ ਵਾਰ ਸੰਕਰਮਿਤ ਹੋਏ ਹਨ। ਇਸ ਲਈ ਹੁਣ ਕੁਝ ਮਹੀਨਿਆਂ ਲਈ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ਇਸ ਲਈ ਬੱਚਿਆਂ ਦੇ ਟੀਕਾਕਰਨ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ Zycov-D ਵੈਕਸੀਨ ਨੂੰ ਬੱਚਿਆਂ ਲਈ ਮਨਜ਼ੂਰੀ ਦਿੱਤੀ ਗਈ ਹੈ।

ਬੂਸਟਰ ਖੁਰਾਕ ਨੂੰ ਵੀ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ ਕਿਉਂਕਿ ਦੇਸ਼ 'ਚ ਲਾਗ ਦੀ ਹਫਤਾਵਾਰੀ ਦਰ (ਟੈਸਟ ਪਾਜ਼ੀਟਿਵਿਟੀ ਦਰ) 0.93% ਹੈ। ਇਹ 2 ਮਹੀਨਿਆਂ ਤੋਂ 2% ਤੋਂ ਹੇਠਾਂ ਰਿਹਾ ਹੈ। WHO ਅਨੁਸਾਰ ਜੇਕਰ ਸੰਕਰਮਣ ਦੀ ਦਰ 5% ਤੋਂ ਘੱਟ ਹੈ ਤਾਂ ਮਹਾਂਮਾਰੀ ਨੂੰ ਕਾਬੂ 'ਚ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਾਰੇ ਬਾਲਗਾਂ ਨੂੰ ਟੀਕਾ ਲਗਾਇਆ ਜਾਂਦਾ ਹੈ ਤਾਂ ਮੌਤਾਂ ਵਿੱਚ ਕਮੀ ਆਵੇਗੀ, ਕਿਉਂਕਿ ਕੋਰੋਨਾ ਨਾਲ ਹੋਣ ਵਾਲੀਆਂ 80% ਤੋਂ ਵੱਧ ਮੌਤਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋ ਰਹੀਆਂ ਹਨ।

ਇਸ ਸਮੇਂ ਫੋਕਸ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਪਹਿਲਾ - ਉਹ 18 ਕਰੋੜ ਜਿਨ੍ਹਾਂ ਨੂੰ ਅਜੇ ਤਕ ਇੱਕ ਵੀ ਖੁਰਾਕ ਨਹੀਂ ਮਿਲੀ। ਉਨ੍ਹਾਂ ਨੂੰ 36 ਕਰੋੜ ਖੁਰਾਕਾਂ ਲੱਗਣਗੀਆਂ। ਦੂਜਾ - ਉਹ 36 ਕਰੋੜ ਜਿਨ੍ਹਾਂ ਨੂੰ ਸਿਰਫ਼ ਇੱਕ ਖੁਰਾਕ ਮਿਲੀ ਹੈ। ਮਤਲਬ ਬਾਲਗ ਹੁਣ ਕੁੱਲ 72 ਕਰੋੜ ਡੋਜ਼ ਲੈਣਗੇ। ਇਸ ਸਮੇਂ ਹਰ ਮਹੀਨੇ 25 ਕਰੋੜ ਤੋਂ ਵੱਧ ਖੁਰਾਕਾਂ ਨਹੀਂ ਦਿੱਤੀਆਂ ਜਾ ਰਹੀਆਂ। ਅਜਿਹੇ 'ਚ ਇਨ੍ਹਾਂ ਲੋਕਾਂ ਨੂੰ ਕਵਰ ਕਰਨ 'ਚ 3 ਮਹੀਨੇ ਲੱਗ ਸਕਦੇ ਹਨ।