ਨਵੀਂ ਦਿੱਲੀ: ਦਿੱਲੀ ਦੇ ਜਾਮੀਆ ਯੂਨੀਵਰਸਿਟੀ ‘ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਿਸ ਦੀ ਕਾਰਵਾਈ ਇਸ ਦੇ ਘੇਰੇ ‘ਚ ਆ ਗਈ ਹੈ। ਅਜਿਹੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਉੱਚ ਪੱਧਰੀ ਜਾਂਚ ਹੋਣ ‘ਤੇ ਦਿੱਲੀ ਪੁਲਿਸ ਦੀ ਮੁਸੀਬਤ ਵਧ ਸਕਦੀ ਹੈ।


ਸਿਟੀਜ਼ਨਸ਼ਿਪ ਐਕਟ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਅਸਾਮ, ਕੋਲਕਾਤਾ, ਹੈਦਰਾਬਾਦ ਤੇ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਵੀ ਇਸ ਦੇ ਦਾਇਰੇ ‘ਚ ਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਰਾਜਧਾਨੀ ਲਖਨਊ ‘ਚ ਪ੍ਰਦਰਸ਼ਨਾਂ ਤੋਂ ਬਾਅਦ ਧਾਰਾ 144 ਲਾਗੂ ਕੀਤੀ ਗਈ ਹੈ। ਅਲੀਗੜ੍ਹ ਦੇ ਸਾਰੇ 100 ਹੋਸਟਲ ਖਾਲੀ ਕਰਵਾਏ ਜਾ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਉੱਤੇ ਸਭ ਤੋਂ ਵੱਧ ਹੰਗਾਮਾ ਦਿੱਲੀ ‘ਚ ਹੋ ਰਿਹਾ ਹੈ ਜਿੱਥੇ ਅੱਜ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹਨ।

ਦਿੱਲੀ ‘ਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਨੂੰ ਲੈ ਕੇ ਲੋਕਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਕਈ ਵਿਦਿਆਰਥੀ ਸੰਗਠਨਾਂ ਨੇ ਵੀ ਪੁਲਿਸ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ। ਪੁਲਿਸ ਦੀ ਕਾਰਵਾਈ ਕਾਰਨ ਵਿਦਿਆਰਥੀਆਂ ‘ਚ ਵੀ ਬਹੁਤ ਗੁੱਸਾ ਹੈ। ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਜਾਮੀਆ ਕਾਂਡ ‘ਤੇ ਸੋਸ਼ਲ ਮੀਡੀਆ ਰਾਹੀਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਵਿਦਿਆਰਥੀਆਂ ਨਾਲ ਖੜ੍ਹੇ ਹੋਣ ਦੀ ਗੱਲ ਕੀਤੀ ਹੈ।

ਉਧਰ, ਸੋਮਵਾਰ ਨੂੰ ਦਿੱਲੀ ਪੁਲਿਸ 'ਤੇ ਸਵਾਲ ਉਠਾਏ ਜਾਣ ਤੋਂ ਬਾਅਦ ਪੁਲਿਸ ਦੇ ਰਵੱਈਏ 'ਚ ਇੱਕ ਤਬਦੀਲੀ ਵੇਖੀ ਗਈ। ਇਹ ਮੰਨਿਆ ਜਾਂਦਾ ਹੈ ਕਿ ਐਤਵਾਰ ਨੂੰ ਕੀਤੀ ਗਈ ਇਸ ਕਾਰਵਾਈ ਦੀ ਸੋਸ਼ਲ ਮੀਡੀਆ 'ਤੇ ਨਿੰਦਾ ਕਰਕੇ ਸੋਮਵਾਰ ਨੂੰ ਦਿੱਲੀ ਪੁਲਿਸ ਦੇ ਰਵੱਈਏ 'ਚ ਕੁਝ ਨਰਮਾਈ ਦਿਖਾਈ ਦਿੱਤੀ, ਅਧਿਕਾਰੀ ਵੀ ਕੈਮਰਿਆਂ ਤੋਂ ਬਚਦੇ ਵੇਖੇ ਗਏ।