ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਕਹਿਣਾ ਹੈ ਕਿ ਸ਼ਰਾਬ ਪੀ ਕੇ 2-3 ਘੰਟੇ ਤੇ ਡਰੱਗਜ਼ ਨਾਲ ਪੂਰੀ ਰਾਤ ਡਾਂਸ ਕੀਤਾ ਜਾ ਸਕਦਾ ਹੈ। ਉਹ ਨਸ਼ੀਲੀਆਂ ਦਵਾਈਆਂ ਦੇ ਧੰਦੇ ਬਾਰੇ ਬੋਲ ਰਹੇ ਸਨ। ਉਨ੍ਹਾਂ ਨੇ ਮੰਨਿਆ ਕਿ ਸੂਬੇ ਵਿੱਚ ਰੇਵ ਪਾਰਟੀ 'ਤੇ ਕੰਟਰੋਲ ਕਰਨ ਦੀ ਲੋੜ ਹੈ। ਉਨ੍ਹਾਂ ਨਸ਼ੀਲੀਆਂ ਦਵਾਈਆਂ ਦਾ ਧੰਦਾ ਕਰਨ ਵਾਲਿਆਂ ਨੂੰ ਨੱਥ ਪਾਉਣ ਦੀ ਗੱਲ ਵੀ ਆਖੀ।


ਪਰੀਕਰ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਜਿਹੜੇ ਡਰੱਗਜ਼ ਲੈਂਦੇ ਹਨ, ਉਹ ਰਾਤ ਭਰ ਡਾਂਸ ਕਰ ਸਕਦੇ ਹਨ, ਪਰ ਸ਼ਰਾਬ ਪੀਣ ਵਾਲੇ ਦੋ ਤੋਂ ਤਿੰਨ ਘੰਟੇ ਹੀ ਡਾਂਸ ਕਰ ਸਕਦੇ ਹਨ। ਪਰੀਕਰ ਗੋਆ ਦੀ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਰਾਣੇ ਵੱਲੋਂ ਲਿਆਏ ਮਤੇ 'ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ, "ਡਰੱਗਜ਼ ਲਏ ਬਗੈਰ ਤੁਸੀਂ ਸਵੇਰ ਤੱਕ ਡਾਂਸ ਨਹੀਂ ਕਰ ਸਕਦੇ ਤੇ ਸ਼ਰਾਬ ਪੀ ਕੇ ਦੋ-ਤਿੰਨ ਘੰਟੇ ਹੀ ਡਾਂਸ ਹੋ ਸਕਦਾ ਹੈ।"

ਮੁੱਖ ਮੰਤਰੀ ਨੇ ਦੱਸਿਆ ਕਿ ਗੋਆ ਪੁਲਿਸ ਨੇ ਸੂਬੇ ਵਿੱਚ ਉਨ੍ਹਾਂ ਥਾਵਾਂ ਦੀ ਪਛਾਣ ਕਰ ਲਈ ਹੈ, ਜਿੱਥੇ ਡਰੱਗਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ 'ਤੇ ਵੀ ਐਕਸ਼ਨ ਕਰਨ ਦਾ ਵਾਅਦਾ ਕੀਤਾ ਹੈ।